ਆਕਲੈਂਡ, 18 ਅਕਤੂਬਰ, ਹ.ਬ. : ਨਿਊਜ਼ੀਲੈਂਡ ਦੀਆਂ ਆਮ ਚੋਣਾਂ ਵਿਚ ਪ੍ਰਧਾਨ ਮੰਤਰੀ ਜੈੰਿਸਡਾ ਦੀ ਲੇਬਰ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਜੈਸਿੰਡਾ ਦੀ ਅਗਵਾਈ ਵਿਚ ਇਸ ਵਾਰ ਲੇਬਰ ਪਾਰਟੀ ਬਿਨਾਂ ਗਠਜੋੜ ਦੇ ਸਰਕਾਰ ਬਣਾਏਗੀ।
ਸ਼ਾਨਦਾਰ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਜੈਸਿੰਡਾ ਨੇ ਕਿਹਾ ਕਿ ਅੱਜ ਜੋ ਨਤੀਜੇ ਸਾਹਮਣੇ ਆਏ ਹਨ, ਉਸ ਤੋਂ ਮੈਂ ਬਹੁਤ ਖੁਸ਼ ਹਾਂ। ਹਾਲਾਂਕਿ ਮੈਨੂੰ ਜਿੱਤ ਦੀ ਉਮੀਦ ਪਹਿਲਾਂ ਹੀ ਸੀ। ਮੈਂ ਜਾਣਦੀ ਸੀ ਕਿ ਮੇਰੀ ਪਾਰਟੀ ਦੇ ਵਰਕਰਾਂ ਨੇ ਕਾਫੀ ਮਿਹਨਤ ਕੀਤੀ। ਅਸੀਂ ਅਪਣਾ ਕੰਮ ਜਾਰੀ ਰੱਖਾਂਗੇ। ਮੈਂ ਅਪਣੀ ਟੀਮ ਵਿਚ ਬਦਲਾਅ ਨਹੀਂ ਕਰਾਂਗੀ।
ਨਿਊਜ਼ੀਲੈਂਡ ਦੀਆਂ ਰਿਪੋਰਟਾਂ ਮੁਤਾਬਕ ਲੇਬਰ ਪਾਰਟੀ ਨੂੰ 49 ਫੀਸਦੀ ਵੋਟ ਅਤੇ ਕੁੱਲ 64 ਸੀਟਾਂ ਮਿਲੀਆਂ ਹਨ। 120 ਵਾਲੀ ਸੰਸਦ ਵਿਚ ਬਹੁਮਤ ਦਾ ਅੰਕੜਾ 61 ਹੈ। ਜਿਊਡਿਥ ਕੌਲਿੰਸ ਦੀ ਨੈਸ਼ਨਲ ਪਾਰਟੀ ਨੂੰ 27 ਫੀਸਦੀ ਵੋਟਾਂ ਅਤੇ ਕੁੱਲ 35 ਸੀਟਾਂ ਮਿਲੀਆਂ। ਏਸੀਟੀ ਨਿਊਜ਼ੀਲੈਂਡ ਪਾਰਟੀ ਨੂੰ 10 ਸੀਟਾਂ ਮਿਲੀਆਂ।
ਇਸ ਤੋਂ ਪਹਿਲਾਂ 1996 ਤੋਂ ਐਮਐਮਪੀ ਪ੍ਰਣਾਲੀ ਲਾਗੂ ਹੋਣ ਮਗਰੋਂ ਹਾਲੇ ਤੱਕ ਕੋਈ ਵੀ ਇਕੱਲੀ ਪਾਰਟੀ ਇਹ ਅੰਕੜਾ ਹਾਸਲ ਕਰਕੇ ਸਰਕਾਰ ਨਹੀਂ ਬਣਾ ਸਕੀ ਸੀ। ਚੋਣਾਂ ਵਿਚ ਨੈਸ਼ਨਲ ਪਾਰਟੀ ਦੇ ਦੋਵੇਂ ਪੰਜਾਬੀ ਉਮੀਦਵਾਰ  ਕਮਲਜੀਤ ਸਿੰਘ ਬਖਸ਼ੀ ਤੇ ਪਰਮਜੀਤ ਕੌਰ ਪਰਮਾਰ ਅਪਣੀਆਂ ਸੀਟਾਂ ਤੋਂ ਹਾਰ ਗਏ ਹਨ। ਪਰਵਾਸੀਆਂ ਦੇ ਵਿਰੋਧੀ ਮੰਨੇ ਜਾਣ ਵਾਲੇ ਉਪ ਪ੍ਰਧਾਨ ਮੰਤਰੀ ਵਿੰਸਟਨ ਪੀਟਰਜ਼ ਵੀ ਅਪਣੀ ਸੀਟ ਨਹੀਂ ਜਿੱਤ ਸਕੇ।
2017 ਤੋਂ ਸ਼ੁਰੂ ਹੋਏ ਉਨ੍ਹਾਂ ਦੇ ਪ੍ਰਧਾਨ ਮੰਤਰੀ ਦੇ ਪਹਿਲੇ ਕਾਰਜਕਾਲ ਵਿਚ ਭਿਆਨਕ ਅੱਤਵਾਦੀ ਹਮਲੇ ਅਤੇ ਕੋਰੋਨਾ ਮਹਾਮਾਰੀ ਜਿਹੇ ਵੱਡੇ ਸੰਕਟ ਆਏ। ਲੇਕਿਨ ਇਸ ਦੌਰਾਨ ਜੈਸਿੰਡਾ ਨੇ ਜੋ ਸੰਜਮ ਦਿਖਾਇਆ, ਉਸ ਦੀ ਦੁਨੀਆ ਭਰ ਵਿਚ ਤਾਰੀਫ ਹੋਈ। ਨਿਊਜ਼ੀਲੈਂਡ ਛੋਟੀ ਆਬਾਦੀ ਵਾਲਾ ਦੇਸ਼ ਹੈ, ਇਸ ਦੇ ਬਾਵਜੂਦ ਜੈਸਿੰਡਾ ਦੇ ਕਾਰਜਕਾਲ ਵਿਚ ਉਸ ਨੂੰ ਦੁਨੀਆ ਵਿਚ ਬਿਹਤਰ ਸ਼ਾਸਨ ਦੇ ਇੱਕ ਉਦਾਹਰਣ ਦੇ ਰੂਪ ਵਿਚ ਪੇਸ਼ ਕੀਤਾ ਜਾਂਦਾ ਰਿਹਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.