ਨਿਊ ਯਾਰਕ ਦੀ ਸਟ੍ਰੀਟ ਦਾ ਨਾਂ 'ਪੰਜਾਬ ਐਵੇਨਿਊ' ਰੱਖਿਆ

ਪੰਜਾਬੀ ਭਾਈਚਾਰੇ ਦਾ ਸਿਰ ਮਾਣ ਨਾਲ ਉਚਾ ਹੋਇਆ

ਨਿਊ ਯਾਰਕ, 24 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਨਿਊ ਯਾਰਕ ਦੇ ਰਿਚਮੰਡ ਹਿਲ ਇਲਾਕੇ ਵਿਚ ਸਾਊਥ ਏਸ਼ੀਅਨ ਭਾਈਚਾਰੇ ਦਾ ਸਤਿਕਾਰ ਕਰਦਿਆਂ 101 ਐਵੇਨਿਊ ਅਤੇ ਲੈਫ਼ਰਟਸ ਬੁਲੇਵਾਰਡ ਦੇ ਇੰਟਰਸੈਕਸ਼ਨ ਨੂੰ ਪੰਜਾਬ ਐਵੇਨਿਊ ਦਾ ਨਾਂ ਦਿਤਾ ਗਿਆ ਹੈ। ਪੰਜਾਬ ਐਵੇਨਿਊ ਦੀ ਤਖ਼ਤੀ ਲਾਉਣ ਦੀ ਰਸਮ ਦੌਰਾਲ ਸਿਟੀ ਕੌਂਸਲ ਦੀ ਮੈਂਬਰ ਐਡਰੀਨ ਐਡਮਜ਼ ਅਤੇ ਸਿੱਖ ਕਲਚਰਲ ਸੋਸਾਇਟੀ ਦੇ ਪ੍ਰਧਾਨ ਜਤਿੰਦਰ ਸਿੰਘ ਬੋਪਾਰਾਏ ਸਣੇ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ। ਐਡਰੀਨ ਐਡਮਜ਼ ਨੇ ਕਿਹਾ ਕਿ ਅੱਜ ਦਾ ਇਹ ਜਸ਼ਨ ਇਲਾਕੇ ਵਿਚ ਵਸਦੇ ਵੰਨ-ਸੁਵੰਨੇ ਸਭਿਆਚਾਰ ਵਾਲੇ ਲੋਕਾਂ ਵੱਲੋਂ ਮਿਲ-ਜੁਲ ਕੇ ਕੀਤੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ। ਪੰਜਾਬੀ ਭਾਈਚਾਰੇ ਦੇ ਲੋਕ ਰਿਚਮੰਡ ਹਿਲ ਦੇ ਕੋਨੇ-ਕੋਨੇ ਵਿਚ ਵਸਦੇ ਹਨ ਅਤੇ ਬਾਕੀ ਸਾਊਥ ਏਸ਼ੀਅਨਜ਼ ਵੱਲੋਂ ਉਨ੍ਹਾਂ ਦਾ ਸਾਥ ਦਿਤੇ ਜਾਣ ਸਦਕਾ ਹੀ ਅਸੀਂ ਸਾਰੇ ਇਤਿਹਾਸਕ ਪਲਾਂ ਦੇ ਗਵਾਹ ਬਣ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਮਹਾਂਮਾਰੀ ਕਾਰਨ ਵੱਡਾ ਜਾਨੀ ਨੁਕਸਾਨ ਹੋਇਆ ਹੈ ਪਰ ਅਸੀਂ ਇਕਜੁਟ ਹੋ ਕੇ ਇਸ ਦਾ ਟਾਕਰਾ ਕਰ ਸਕਦੇ ਹਨ। ਅਸੈਂਬਲੀ ਮੈਂਬਰ ਡੇਵਿਡ ਵੈਪਰਿਨ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.