ਨਵੀਂ ਦਿੱਲੀ, 18 ਨਵੰਬਰ, ਹ.ਬ. : ਅਗਸਤਾ ਵੈਸਟਲੈਂਡ ਹੈਲੀਕਾਪਟਰ ਖਰੀਦ ਘੁਟਾਲੇ ਦਾ ਜਿੰਨ ਕਾਂਗਰਸ ਦਾ ਪਿੱਛਾ ਨਹੀਂ ਛੱਡ ਰਿਹਾ ਹੈ। ਘੁਟਾਲੇ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲ ਨਾਥ ਦਾ ਭਾਣਜਾ ਰਤੁਲ ਪੁਰੀ ਪਹਿਲਾਂ ਤੋਂ ਹੀ ਗ੍ਰਿਫਤਾਰ ਹੋ ਚੁੱਕਾ ਹੈ ਅਤੇ ਫਿਲਹਾਲ ਜ਼ਮਾਨਤ 'ਤੇ ਹੈ। ਘੁਟਾਲੇ ਨਾਲ ਜੁੜੇ ਰਾਜੀਵ ਸਕਸੈਨਾ ਨੇ ਈਡੀ ਦੇ ਸਾਹਮਣੇ ਦਿੱਤੇ ਬਿਆਨ ਵਿਚ ਕਮਲਨਾਥ ਦੇ ਬੇਟੇ ਨਕੁਲ ਨਾਥ ਅਤੇ ਸਾਬਕਾ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਦਾ ਨਾਂ ਲਿਆ ਹੈ। ਸਲਮਾਨ ਖੁਰਸ਼ੀਦ ਨੇ ਘੁਟਾਲੇ ਨਾਲ ਕਿਸੇ ਤਰ੍ਹਾਂ ਦੇ ਸਬੰਧਾਂ ਤੋਂ ਸਾਫ ਇਨਕਾਰ ਕੀਤਾ ਹੈ।
ਕਾਨੂੰਨ ਮੰਤਰੀ  ਰਵੀਸ਼ੰਕਰ ਪ੍ਰਸਾਦ ਨੇ ਖਰੀਦ ਘੁਟਾਲੇ ਬਾਰੇ ਬੋਲਦਿਆਂ ਕਿਹਾ ਕਿ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਜਨਤਾ ਦੇ ਸਾਹਮਣੇ ਇਸ ਦਾ ਜਵਾਬ ਦੇਣਾ ਹੋਵੇਗਾ।
ਈਡੀ ਦੇ ਸਾਹਮਣੇ ਦਿੱਤੇ ਲਗਭਗ Îਇੱਕ ਹਜ਼ਾਰ ਪੰਨਿਆਂ ਦੇ ਬਿਆਨ ਵਿਚ ਸਕਸੈਨਾ ਨੇ ਸੌਦੇ ਵਿਚ ਲਈ ਗਈ ਦਲਾਲੀ ਦੀ ਰਕਮ ਭਾਰਤ ਪਹੁੰਚਾਉਣ ਵਿਚ ਸ਼ਾਮਲ ਹੋਣ ਬਾਰੇ ਕਬੂਲ ਕੀਤਾ ਹੈ। ਸਕਸੈਨਾ ਨੂੰ ਜਨਵਰੀ 2019 ਵਿਚ ਦੁਬਈ ਤੋਂ ਡਿਪੋਰਟ ਕਰਕੇ ਭਾਰਤ ਲਿਆਇਆ ਗਿਆ ਸੀ। ਜਾਂਚ ਵਿਚ ਸਹਿਯੋਗ ਨੂੰ ਦੇਖਦੇ ਹੋਏ ਈਡੀ ਨੇ ਪਹਿਲਾਂ ਉਸ ਨੂੰ ਸਰਕਾਰੀ ਗਵਾਹ ਬਣਾਇਆ ਸੀ, ਲੇਕਿਨ ਬਾਅਦ ਵਿਚ ਪਤਾ ਚਲਿਆ ਕਿ ਉਹ ਘੁਟਾਲੇ ਨਾਲ ਜੁੜੇ ਅਹਿਮ ਤੱਥ ਲੁਕਾ ਰਿਹਾ ਹੈ। ਇਸ ਤੋਂ ਬਾਅਦ ਈਡੀ ਨੇ ਉਸ ਨੂੰ ਸਰਕਾਰੀ ਗਵਾਹ ਤੋਂ ਹਟਾ ਕੇ ਮੁਲਜ਼ਮ ਬਣਾਉਣ ਦੇ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ।
ਘੁਟਾਲੇ ਵਿਚ ਕਿਹੜੇ ਕਿਹੜੇ ਨੇਤਾਵਾਂ ਨੂੰ ਲਾਭ ਮਿਲਿਆ ਈਡੀ ਦੇ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਸਕਸੈਨਾ ਨੇ ਕਿਹਾ ਕਿ ਇੰਟਰਸਟੇਲਰ ਟੈਕਨਾਲੌਜੀ ਲਿਮਟਿਡ ਤੱਕ ਘੁਟਾਲੇ ਦੀ ਰਕਮ ਪੁੱਜੀ ਸੀ। ਸੁਸ਼ੇਣ ਮੋਹਨ ਗੁਪਤਾ ਦੀ ਇਸ ਕੰਪਨੀ ਦਾ ਸੰਚਾਲਨ ਗੌਤਮ ਖੇਤਾਨ ਕਰਦਾ ਸੀ। ਈਡੀ ਸੁਸ਼ੇਣ ਮੋਹਨ  ਗੁਪਤਾ ਅਤੇ ਗੌਤਮ ਖੇਤਾਨ ਦੋਵਾਂ ਨੂੰ ਗ੍ਰਿਫਤਾਰ ਕਰ ਚੁੱਕਾ ਹੈ ਅਤੇ ਦੋਵੇਂ ਜ਼ਮਾਨਤ 'ਤੇ ਹਨ। ਸਕਸੈਨਾ ਦੇ ਅਨੁਸਾਰ ਸੁਸ਼ੇਣ ਮੋਹਨ ਗੁਪਤਾ ਅਤੇ ਗੌਤਮ ਖੇਤਾਨ ਗੱਲਬਾਤ ਵਿਚ ਘੁਟਾਲੇ ਦਾ ਲਾਭ ਲੈਣ ਵਾਲੇ ਨੇਤਾਵਾਂ ਵਿਚ ਏਪੀ ਦਾ ਨਾਂ ਲੈਂਦੇ ਸੀ। ਸਕਸੈਨਾ ਦੇ ਅਨੁਸਾਰ ਏਪੀ ਦਾ ਇਸਤੇਮਾਲ ਅਹਿਮਦ ਪਟੇਲ  ਦੇ ਲਈ ਕੀਤਾ ਜਾਂਦਾ ਸੀ। ਸਕਸੈਨਾ ਨੇ ਇਹ ਵੀ ਦੱਸਿਆ ਕਿ ਇੰਟਰਸਟੇਲਰ ਟੈਕਨਾਲੌਜੀ ਅਤੇ ਗਲੋਬਲ ਸਰਵਿਸਜ਼ ਦੇ ਮਾਰਫਤ ਦਲਾਲੀ ਦੀ ਰਕਮ ਮੋਜਰ ਬਿਅਰ ਅਤੇ ਆਪਟਿਮਾ ਇਨਵੈਸਟਮੈਂਟ ਤੱਕ ਪੁੱਜਦੀ ਸੀ ਜੋ ਰਾਤੁਲ ਪੁਰੀ ਅਤੇ ਉਸ ਦੇ ਪਰਵਾਰ ਦੀ ਕੰਪਨੀ ਹੈ।
ਅਪਣੇ ਬਿਆਨ ਵਿਚ ਰਾਜੀਵ ਸਕਸੈਨਾ ਨੇ ਇੱਕ ਹੋਰ ਕੰਪਨੀ ਪ੍ਰਿਸਟਾਈਨ ਰਿਵਰ ਇਨਵੈਸਟਮੈਂਟ ਦਾ ਨਾਂ ਲਿਆ। ਪ੍ਰਿਸਟਾਈਲ ਰਿਵਰ ਇਨਵੈਸਟਮੈਂਟ  ਰਾਹੀਂ ਰਾਜੀਵ ਸਕਸੈਨਾ ਅਤੇ ਸੁਸ਼ੇਣ ਮੋਹਨ ਗੁਪਤਾ ਦੇ ਕੋਲ ਬ੍ਰਿਜ ਫੰਡਿੰਗ ਦੇ ਮਾਰਫਤ ਪੈਸੇ ਪੁੱਜਦੇ ਸੀ। ਸਕਸੈਨਾ ਦੇ ਅਨੁਸਾਰ ਪ੍ਰਿਸਟਾਈਨ ਰਿਵਰ ਇਨਵੈਸਟਮੈਂਟ ਦਾ ਕੰਮਕਾਜ ਕਮਲਨਾਥ ਦੇ ਬੇਟੇ ਨਕੁਲ ਦੇ ਲਈ ਜੌਨ ਡਾਕੇਰਟੀ ਸੰਭਾਲਦਾ ਸੀ। ਇਸ ਤਰ੍ਹਾਂ ਇੰਟਰਸਟੇਲਰ ਟੈਕਨਾਲੌਜੀ ਅਤੇ ਗਲੋਬਲ ਸਰਵੀਸਿਜ਼ ਦਾ ਇਸਤੇਮਾਲ ਪ੍ਰਿਸਟਾਈਨ ਰਿਵਰ ਇਨਵੈਸਟਮੈਂਟ ਦੇ ਲੋਨ ਦੇ ਮੁੜ ਭੁਗਤਾਨ ਦੇ ਲਈ ਕੀਤਾ ਜਾਂਦਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.