ਵੈਂਟੀਲੇਟਰ ਖਰੀਦ ਮਾਮਲੇ 'ਚ ਦੋਸਤਾਂ ਨੂੰ ਲਾਭ ਪਹੁੰਚਾਉਣ ਦੇ ਲੱਗੇ ਰਹੇ ਨੇ ਦੋਸ਼

ਔਟਾਵਾ, 18 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੀ ਲਿਬਰਲ ਸਰਕਾਰ ਵੈਂਟੀਲੇਟਰ ਖਰੀਦ ਮਾਮਲੇ ਵਿੱਚ ਬੁਰੀ ਤਰ•ਾਂ ਘਿਰਦੀ ਹੋਈ ਨਜ਼ਰ ਆ ਰਹੀ ਹੈ, ਕਿਉਂਕਿ ਕਾਮਨਜ਼ ਐਥਿਕਸ ਕਮੇਟੀ ਨੇ ਇਸ ਮਾਮਲੇ ਦੀ ਪੜਤਾਲ ਲਈ ਹਰੀ ਝੰਡੀ ਦੇ ਦਿੱਤੀ ਹੈ। ਲਿਬਰਲ ਸਰਕਾਰ ਨੇ ਸਿਰਫ਼ 11 ਦਿਨ ਪਹਿਲਾਂ ਬਣਾਈ ਗਈ ਕੰਪਨੀ ਨਾਲ 10 ਹਜ਼ਾਰ ਵੈਂਟੀਲੇਟਰ ਖਰੀਦਣ ਦਾ ਕਰਾਰ ਕਰ ਲਿਆ ਸੀ। ਵੈਂਟੀਲੇਟਰ ਬਣਾਉਣ ਦਾ ਕੰਟਰੈਕਟ ਕਰਨ ਵਾਲੀ ਕੰਪਨੀ ਬੈਲੀਸ ਮੈਡੀਕਲ ਨਾਲ ਸਰਕਾਰ ਦੇ ਸਬੰਧਾਂ ਦੇ ਦੋਸ਼ ਲੱਗ ਰਹੇ ਹਨ। ਛੇਤੀ ਹੀ ਇਸ ਦੀ ਜਾਂਚ ਸ਼ੁਰੂ ਹੋਣ ਜਾ ਰਹੀ ਹੈ। ਹਾਲਾਂਕਿ ਕੈਨੇਡਾ ਦੀ ਲੋਕ ਸੇਵਾਵਾਂ ਮੰਤਰੀ ਅਨੀਤਾ ਆਨੰਦ ਨੇ ਉਸ ਸਾਬਕਾ ਲਿਬਰਲ ਐਮਪੀ ਫਰੈਂਕ ਬੈਲੀਸ ਨੂੰ ਪਛਾਣਨ ਤੋਂ ਵੀ ਇਨਕਾਰ ਕਰ ਦਿੱਤਾ ਹੈ, ਜਿਸ ਦੀ ਕੰਪਨੀ ਨੇ ਸਰਕਾਰ ਨਾਲ ਵੈਂਟੀਲੇਟਰ ਬਣਾਉਣ ਲਈ 237 ਮਿਲੀਅਨ ਡਾਲਰ ਬਣਾਉਣ ਦਾ ਕੰਟਰੈਕਟ ਕੀਤਾ ਹੈ।
ਅਨੀਤਾ ਆਨੰਦ ਨੇ ਕਾਮਨਜ਼ ਗੌਰਮਿੰਟ ਅਪ੍ਰੇਸ਼ਨਜ਼ ਕਮੇਟੀ ਦੇ ਸਾਹਮਣੇ ਪੇਸ਼ ਹੁੰਦੇ ਹੋਏ ਕਿਹਾ ਹੈ ਕਿ ਉਹ ਨਹੀਂ ਜਾਣਦੀ ਕਿ ਫਰੈਂਕ ਬੈਲੀਸ ਕੌਣ ਹੈ?
ਔਟਾਵਾ ਸਿਟੀਜ਼ਨਰਿਪੋਰਟ ਮੁਤਾਬਕ ਕੈਨੇਡਾ ਦੀ ਵਿਰੋਧੀ ਧਿਰ ਦੇ ਐਮਪੀਜ਼ ਨੇ 10 ਹਜ਼ਾਰ ਵੈਂਟੀਲੇਟਰਜ਼ ਬਣਾਉਣ ਦਾ ਕੰਟਰੈਕਟ ਕਰਨ ਵਾਲੀ ਬੈਲੀਸ ਦੀ ਕੰਪਨੀ 'ਬੈਲੀਸ ਮੈਡੀਕਲ' ਉੱਤੇ ਚਾਨਣਾ ਪਾਇਆ। ਉਨ•ਾਂ ਨੇ ਦੱਸਿਆ ਕਿ ਇਹ ਸੌਦਾ ਐਫਟੀਆਈ ਪ੍ਰੋਫੈਸ਼ਨਲ ਗਰੇਡ ਕੰਪਨੀ ਰਾਹੀਂ ਹੋਇਆ, ਜਿਹੜੀ ਕਿ ਵੈਂਟੀਲੇਟਰ ਦੇ ਕਰਾਰ 'ਤੇ ਦਸਤਖ਼ਤ ਹੋਣ ਤੋਂ ਸਿਰਫ਼ 11 ਦਿਨ ਪਹਿਲਾਂ ਸਥਾਪਤ ਕੀਤੀ ਗਈ ਸੀ।
ਦੱਸਿਆ ਜਾ ਰਿਹਾ ਹੈ ਕਿ ਇਹ ਕੰਪਨੀ ਵੱਡੀ ਦਾਨੀ ਸੰਸਥਾ ਹੈ, ਜੋ ਕਿ ਲਿਬਰਲ ਪਾਰਟੀ ਨੂੰ ਹੁਣ ਤੱਕ 66 ਹਜ਼ਾਰ ਡਾਲਰ ਤੋਂ ਵੱਧ ਦਾ ਫੰਡ ਦੇ ਚੁੱਕੀ ਹੈ। ਕਾਮਨਜ਼ ਗੌਰਮਿੰਟ ਅਪ੍ਰੇਸ਼ਨਜ਼ ਕਮੇਟੀ ਸਾਹਮਣੇ ਕੰਜ਼ਰਵੇਟਿਵ ਐਮਪੀ ਪਿਅਰੇ ਪਾਲ-ਹਸ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਅਨੀਤਾ ਆਨੰਦ ਨੇ ਕਿਹਾ ਕਿ ਉਹ ਬੈਲੀਸ ਨੂੰ ਨਹੀਂ ਜਾਣਦੀ ਹੈ ਅਤੇ ਨਾ ਹੀ ਉਹ ਉਸ ਨੂੰ ਕਦੇ ਮਿਲੀ ਹੈ।
ਇਸ ਦੇ ਜਵਾਬ ਵਿੱਚ ਕੰਜ਼ਰਵੇਟਿਵ ਐਮਪੀ ਪਿਆਰੇ ਪਾਲ-ਹਸ ਨੇ ਕਿਹਾ ਕਿ ਉਹ ਨਹੀਂ ਜਾਣਦੇ ਕਿ ਅਨੀਤਾ ਆਨੰਦ ਕਿੰਨੇ ਸਮੇਂ ਤੋਂ ਲਿਬਰਲ ਪਾਰਟੀ ਨਾਲ ਜੁੜੀ ਹੋਈ ਹੈ, ਪਰ ਉਨ•ਾਂ ਦੀ ਨਜ਼ਰ 'ਚ ਲਿਬਰਲ ਪਾਰਟੀ ਭ੍ਰਿਸ਼ਟਾਚਾਰ ਨੂੰ ਹੱਲਾਸ਼ੇਰੀ ਦਿੰਦੇ ਹੋਏ ਆਪਣੇ ਦੋਸਤਾਂ ਨੂੰ ਲਾਭ ਪਹੁੰਚਾਉਂਦੀ ਆ ਰਹੀ ਹੈ। ਬੈਲੀਸ ਕੰਪਨੀ ਨਾਲ ਜਿਹੜਾ ਕੰਟਰੈਕਟ ਹੋਇਆ, ਉਹ ਤੁਹਾਡੀ (ਅਨੀਤਾ ਆਨੰਦ ਦੀ) ਪਿੱਠ ਪਿੱਛੇ ਹੋਇਆ ਹੋ ਸਕਦਾ ਹੈ। ਦੱਸ ਦੇਈਏ ਕਿ ਕਾਮਨਜ਼ ਐਥਿਕਸ ਕਮੇਟੀ ਨੇ ਅੱਜ ਮਾਮਲੇ ਦੀ ਪੜਤਾਲ ਨੂੰ ਹਰੀ ਝੰਡੀ ਦੇ ਦਿੱਤੀ। ਕਮੇਟੀ ਦੇ 6 ਮੈਂਬਰਾਂ ਨੇ ਪੜਤਾਲ ਕਰਾਉਣ ਦੇ ਹੱਕ 'ਚ, ਜਦਕਿ ਪੰਜ ਨੇ ਪੜਤਾਲ ਦੇ ਵਿਰੋਧ 'ਚ ਵੋਟ ਪਾਈ। ਕੰਜ਼ਰਵੇਟਿਵ ਪਾਰਟੀ ਵੱਲੋਂ ਲਾਏ ਦੋਸ਼ ਸਾਬਤ ਹੋਣ ਦੀ ਸੂਰਤ ਵਿੱਚ ਲਿਬਰਲ ਸਰਕਾਰ ਵੱਡੀਆਂ ਮੁਸ਼ਕਲਾਂ ਵਿੱਚ ਘਿਰ ਸਕਦੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.