ਲੁਧਿਆਣਾ, 19 ਨਵੰਬਰ, ਹ.ਬ. : ਆਈਲੈਟਸ ਕਰ ਚੁੱਕੀ ਲੜਕੀ ਨੇ ਕੈਨੇਡਾ ਲੈ ਜਾਣ ਦਾ ਝਾਂਸਾ ਦੇ ਕੇ ਨੌਜਵਾਨ ਦੇ ਨਾਲ ਵਿਆਹ ਕਰਵਾ ਲਿਆ। ਉਸ ਤੋਂ ਬਾਅਦ ਅਪਣੇ ਭਰਾ ਅਤੇ ਭੈਣ ਦੀ ਮਦਦ ਨਾਲ ਅਲੱਗ ਅਲੱਗ ਸਮੇਂ 'ਤੇ ਉਨ੍ਹਾਂ ਕੋਲੋਂ 8.87 ਲੱਖ ਰੁਪਏ ਵੀ ਠੱਗ ਲਏ। ਬਾਅਦ ਵਿਚ ਕੈਨੇਡਾ ਲੈ ਜਾਣ ਦੀ ਗੱਲ ਤੋਂ ਸਾਫ ਮੁਕਰ ਗਈ। ਹੁਣ ਥਾਣਾ ਡੇਹਲੋਂ ਪੁਲਿਸ ਨੇ ਤਿੰਨ ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ  ਹੈ।
ਏਐਸਆਈ ਭੀਸ਼ਮ ਦੇਵ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਸੰਗਰੂਰ ਦੇ ਪਿੰਡ  ਦਹਿਲੀਜ ਖੁਰਦ ਨਿਵਾਸੀ ਮਨਦੀਪ ਕੌਰ, ਉਸ ਦੀ ਭੈਣ ਅਮਨਦੀਪ ਕੌਰ ਅਤੇ ਭਰਾ ਨਰਿੰਦਰ ਸਿੰਘ ਦੇ ਰੂਪ ਵਿਚ ਹੋਈ। ਪੁਲਿਸ ਨੇ ਪਿੰਡ ਰੁੜਕਾ ਨਿਵਾਸੀ ਗੁਰਮੀਤ ਸਿੰਘ ਦੀ ਸ਼ਿਕਾਇਤ 'ਤੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਗੁਰਮੀਤ ਸਿੰਘ ਨੇ ਜਨਵਰੀ 2020 ਵਿਚ ਪੁਲਿਸ ਕਮਿਸ਼ਨਰ ਦਫ਼ਤਰ ਵਿਚ ਉਨ੍ਹਾਂ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਾਈ ਸੀ, ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ 7 ਏਕੜ ਜ਼ਮੀਨ ਹੈ। ਜਿਸ 'ਤੇ ਉਹ ਖੇਤੀ ਕਰਦੇ ਹਨ। ਉਨ੍ਹਾਂ ਦਾ ਬੇਟਾ ਅਮਨਿੰਦਰ ਸਿੰਘ ਬੀਸੀਏ ਕਰ ਚੁੱਕਾ ਹੈ, 3 ਸਾਲ ਪਹਿਲਾਂ ਉਹ ਕੁੜੀ ਵਾਲਿਆਂ ਦੇ ਸੰਪਰਕ ਵਿਚ ਆਏ।
ਕੁੜੀ ਵਾਲਿਆਂ ਨੇ ਕਿਹਾ ਕਿ ਮਨਦੀਪ ਕੌਰ ਆਈਲੈਟਸ ਕਰ ਚੁੱਕੀ ਹੈ । ਅਮਨਿੰਦਰ ਦੇ ਨਾਲ ਵਿਆਹ ਕਰਵਾਉਣ ਤੋਂ ਬਾਅਦ ਕੈਨੇਡਾ ਚਲੀ ਜਾਵੇਗੀ। ਜਿਸ ਦਾ ਖ਼ਰਚ ਗੁਰਮੀਤ ਸਿੰਘ ਨੂੰ ਦੇਣਾ ਹੋਵੇਗਾ। ਕੈਨੇਡਾ ਪੁੱਜਣ ਤੋ ਬਾਅਦ ਉਹ ਅਮਨਿੰਦਰ ਸਿੰਘ ਨੂੰ ਵੀ ਉਥੇ ਬੁਲਾ ਲਵੇਗੀ। ਪ੍ਰੰਤੂ ਵਿਆਹ ਤੋਂ ਬਾਅਦ ਉਹ ਇੱਕ ਦਿਨ ਵੀ ਸਹੁਰੇ ਘਰ ਨਹੀਂ ਰਹੀ। ਉਹ ਉਨ੍ਹਾਂ ਦੇ 2 ਲੱਖ ਰੁਪਏ ਕੀਮਤ ਦੇ ਗਹਿਣੇ ਵੀ ਅਪਣੇ ਨਾਲ ਲੈ ਗਈ। ਉਸ ਤੋ ਬਾਅਦ ਉਨ੍ਹਾਂ ਨੇ ਵਿਦੇਸ਼ ਜਾਣ ਦੇ ਨਾਂ 'ਤੇ ਉਨ੍ਹਾਂ ਕੋਲੋਂ ਉਕਤ ਰਕਮ ਅਪਣੇ ਖਾਤਿਆਂ ਵਿਚ ਟਰਾਂਸਫਰ ਕਰਵਾ ਲਈ। ਪ੍ਰੰਤੂ ਬਾਅਦ ਵਿਚ ਨਾ ਤਾਂ ਉਹ ਖੁਦ ਕੈਨੇਡਾ ਗਈ ਤੇ ਨਾ ਹੀ ਉਨ੍ਹਾਂ ਦੇ ਰੁਪਏ ਵਾਪਸ ਮੋੜੇ।
ਗੁਰਮੀਤ ਸਿੰਘ ਨੇ ਕਿਹਾ ਕਿ ਬੁਧਵਾਰ ਨੂੰ ਉਨ੍ਹਾਂ ਨੇ ਖੁਦ ਤਿੰਨਾਂ ਜਣਿਆਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਪੰ੍ਰਤੂ ਪੁਲਿਸ ਨੇ ਤਿੰਨਾਂ ਨੂੰ ਛੱਡ ਦਿੱਤਾ ਜਿਸ 'ਤੇ ਏਐਸਆਈ ਭੀਸ਼ਮ ਸਿੰਘ ਨੇ ਕਿਹਾ ਕਿ ਧੋਖਾਧੜੀ ਦੇ ਮਾਮਲੇ ਵਿਚ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਲਈ 4 ਦਿਨ ਦਾ ਨੋਟਿਸ ਦਿੱਤਾ ਜਾਂਦਾ ਹੈ। ਉਨ੍ਹਾਂ ਜ਼ਮਾਨਤ 'ਤੇ ਛੱਡਿਆ ਗਿਆ ਹੈ, 4 ਦਿਨ ਬਾਅਦ ਗ੍ਰਿਫਤਾਰ ਕਰ ਲਿਆ ਜਾਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.