ਲਾਲੜੂ, 21 ਨਵੰਬਰ, ਹ.ਬ. : ਪਿੰਡ ਬਸੌਲੀ ਵਾਸੀ ਜ਼ਿਲ੍ਹਾ ਪ੍ਰੀਸ਼ਦ ਮੋਹਾਲੀ ਦੇ ਸਾਬਕਾ ਵਾਈਸ ਚੇਅਰਮੈਨ ਗੁਰਵਿੰਦਰ ਸਿੰਘ ਗਿੰਦੂ ਬਸੌਲੀ ਨੇ ਆਪਣੀ ਸਵਰਗਵਾਸੀ ਮਾਂ ਦੀ ਇੱਛਾ ਪੂਰੀ ਕਰਦੇ ਹੋਏ ਮੁੰਡੇ ਨੂੰ ਵਿਆਹੁਣ ਲਈ ਡੋਲੀ ਵਾਲੀ ਕਾਰ ਦੀ ਥਾਂ ਹੈਲੀਕਾਪਟਰ ਰਾਹੀਂ ਭੇਜਿਆ। ਜਾਣਕਾਰੀ ਮੁਤਾਬਕ ਨੰਬਰਦਾਰ ਹਰਨੇਕ ਸਿੰਘ ਦੇ ਪੋਤੇ ਅਮਨਪ੍ਰੀਤ ਸਿੰਘ ਦੀ ਬਰਾਤ 19 ਨਵੰਬਰ ਨੂੰ ਸਵੇਰੇ ਸਾਢੇ 10 ਵਜੇ ਪਿੰਡ ਬਸੌਲੀ ਤੋਂ ਰਵਾਨਾ ਹੋਈ। ਲਾੜੇ ਲਈ ਕਾਰ ਦੀ ਥਾਂ ਦੇਹਰਾਦੂਨ ਤੋਂ ਪ੍ਰਾਈਵੇਟ ਕੰਪਨੀ ਦਾ ਹੈਲੀਕਾਪਟਰ ਮੰਗਵਾਇਆ ਗਿਆ, ਜੋ ਉਨ੍ਹਾਂ ਦੇ ਬਸੌਲੀ ਸਥਿਤ ਫਾਰਮ ਹਾਊਸ ਤੋਂ ਉਡਿਆ ਅਤੇ ਪੰਜ ਮਿੰਟਾਂ ਵਿਚ ਜ਼ੀਰਕਪੁਰ ਦੇ ਏਕੇ ਐੱਮ ਰਿਜ਼ੋਰਟ ਦੀ ਪਾਰਕਿੰਗ ਵਿਚ ਲੈਂਡ ਹੋਇਆ। ਅਮਨਪ੍ਰੀਤ ਦਾ ਵਿਆਹ ਨਵਜੋਤ ਕੌਰ ਪੁੱਤਰੀ ਬੀਐੱਸ ਮਾਨ ਵਾਸੀ ਬਠਿੰਡਾ ਨਾਲ ਹੋਇਆ। ਲਾੜੇ ਦੇ ਪਿਤਾ ਗੁਰਵਿੰਦਰ ਸਿੰਘ ਗਿੰਦੂ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਬੀਬੀ ਹਰਜੀਤ ਕੌਰ 2001 ਵਿਚ ਅਕਾਲ ਚਲਾਣਾ ਕਰ ਗਏ ਸਨ, ਜਿਨ੍ਹਾਂ ਦੀ ਦਿਲੀ ਇੱਛਾ ਸੀ ਕਿ ਉਹ ਆਪਣੇ ਪੋਤੇ ਨੂੰ ਜਹਾਜ਼ ਵਿਚ ਵਿਆਹ ਕੇ ਲਿਆਉਣ। ਇਸ ਇੱਛਾ ਨੂੰ ਪੂਰਾ ਕਰਨ ਲਈ ਪਰਿਵਾਰ ਨੇ ਹੈਲੀਕਾਪਟਰ ਦਾ ਪ੍ਰਬੰਧ ਕੀਤਾ। ਉਕਤ ਵਿਆਹ ਦੀ ਇਲਾਕੇ ਵਿਚ ਖੂਬ ਚਰਚਾ ਹੈ।
 

ਹੋਰ ਖਬਰਾਂ »

ਹਮਦਰਦ ਟੀ.ਵੀ.