ਪ੍ਰਦਰਸ਼ਨੀ ਦੌਰਾਨ ਇੱਕ ਆਰਟਿਸਟ ਦੀ ਮੂਰਤੀ 'ਤੇ ਪਈ ਸੀ ਨਜ਼ਰ

ਟੋਰਾਂਟੋ, 22 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੀ ਇੱਕ ਯੂਨੀਵਰਸਿਟੀ ਨੇ ਭਾਰਤ ਤੋਂ ਲਗਭਗ 100 ਸਾਲ ਪਹਿਲਾਂ ਚੋਰੀ ਕੀਤੀ ਮੂਰਤੀ ਨੂੰ ਵਾਪਸ ਕਰਨ ਦਾ ਫ਼ੈਸਲਾ ਲਿਆ ਹੈ। ਯੂਨੀਵਰਸਿਟੀ ਇਤਿਹਾਸਕ ਗ਼ਲਤੀਆਂ ਨੂੰ ਸਹੀ ਕਰਨ ਦੀ ਕੋਸ਼ਿਸ਼ ਦੇ ਤਹਿਤ 18ਵੀਂ ਸਦੀ ਦੀ ਹਿੰਦੂ ਦੇਵੀ ਅੰਨਪੂਰਨਾ ਦੀ ਵਿਲੱਖਣ ਮੂਰਤੀ ਭਾਰਤ ਨੂੰ ਵਾਪਸ ਕਰੇਗੀ। ਇਹ ਮੂਰਤੀ ਬਰਤਾਨੀਆ ਦੇ ਪੱਤਰਕਾਰ ਅਤੇ ਇਤਿਹਾਸਕਾਰ ਨੋਰਮਾਨ ਮੈਕੇਂਜੀ ਦੀ 1936 ਦੀ ਵਸੀਅਤ ਦਾ ਹਿੱਸਾ ਹੈ ਅਤੇ ਹੁਣ ਰੇਜਿਨਾ ਯੂਨੀਵਰਸਿਟੀ ਦੀ ਲਾਇਬਰੇਰੀ 'ਚ ਪਈ ਹੈ। ਯੂਨੀਵਰਸਿਟੀ ਨੇ ਦੱਸਿਆ ਕਿ ਕਲਾਕਾਰ ਦਿਵਿਆ ਮੇਹਰਾ ਨੇ ਇਸ ਤੱਥ ਵੱਲ ਹੋਰ ਧਿਆਨ ਖਿੱਚਿਆ ਕਿ ਇਸ ਮੂਰਤੀ ਨੂੰ ਇੱਕ ਸਦੀ ਪਹਿਲਾਂ ਗ਼ਲਤ ਢੰਗ ਨਾਲ ਲਿਆਂਦਾ ਗਿਆ ਸੀ। 19 ਤੋਂ 25 ਨਵੰਬਰ ਤੱਕ ਵਰਲਡ ਹੈਰੀਟੇਜ ਵੀਕ ਦੀ ਸ਼ੁਰੂਆਤ ਹੋਣ ਜਾ ਰਹੀ ਸੀ। ਇਸ ਦੌਰਾਨ ਇੱਕ ਆਰਟਿਸਟ ਦੀ ਨਜ਼ਰ ਇਸ ਮੂਰਤੀ 'ਤੇ ਪਈ ਅਤੇ ਉਸ ਨੇ ਇਸ ਦਾ ਮੁੱਦਾ ਚੁੱਕਿਆ। ਇਸ ਸਮਾਗਮ 'ਚ ਮੈਕੇਂਜੀ ਆਰਟ ਗੈਲਰੀ, ਗਲੋਬਲ ਅਫੇਅਰਜ਼ ਕੈਨੇਡਾ ਅਤੇ ਕੈਨੇਡਾ ਬਾਰਡਰ ਸਰਵਿਸਜ਼ ਏਜੰਸੀ ਦੇ ਨੁਮਾਇੰਦੇ ਵੀ ਸ਼ਾਮਲ ਹੋਏ ਸਨ।
19 ਨਵੰਬਰ ਨੂੰ ਇਸ ਮੂਰਤੀ ਦਾ ਡਿਜ਼ੀਟਲ ਢੰਗ ਨਾਲ ਵਾਪਸ ਕਰਨ ਦਾ ਪ੍ਰੋਗਰਾਮ ਬਣਿਆ ਅਤੇ ਹੁਣ ਇਸ ਨੂੰ ਜਲਦ ਹੀ ਭਾਰਤ ਨੂੰ ਸੌਂਪ ਦਿੱਤਾ ਜਾਵੇਗਾ। ਯੂਨੀਵਰਸਿਟੀ ਦੇ ਕੁਲਪਤੀ ਡਾ. ਥੌਮਸ ਚੇਜ ਨੇ ਇਸ ਮੂਰਤੀ ਨੂੰ ਅਧਿਕਾਰਕ ਤੌਰ 'ਤੇ ਭਾਰਤ ਭੇਜਣ ਲਈ ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ ਨਾਲ ਡਿਜ਼ੀਟਲ ਢੰਗ ਨਾਲ ਮੁਲਾਕਾਤ ਕੀਤੀ। ਬਿਸਾਰੀਆ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਇਹ ਮੂਰਤੀ ਕੈਨੇਡਾ ਤੋਂ ਭਾਰਤ ਵਾਪਸ ਪਹੁੰਚਾਈ ਜਾ ਰਹੀ ਹੈ।
ਦੱਸ ਦੇਈਏ ਕਿ 1913 ਵਿੱਚ ਆਪਣੀ ਭਾਰਤ ਯਾਤਰਾ ਦੌਰਾਨ ਮੈਕੇਂਜੀ ਦੀ ਨਜ਼ਰ ਇਸ ਮੂਰਤੀ 'ਤੇ ਪਈ ਅਤੇ ਜਦੋਂ ਇੱਕ ਅਜਨਬੀ ਨੂੰ ਮੈਕੇਂਜੀ ਦੀ ਇਸ ਮੂਰਤੀ ਨੂੰ ਹਾਸਲ ਕਰਨ ਦੀ ਇੱਛਾ ਦਾ ਪਤਾ ਲੱਗਾ ਤਾਂ ਉਸ ਨੇ ਵਾਰਾਣਸੀ 'ਚ ਗੰਗਾ ਦੇ ਘਾਟ ਤੋਂ ਇਹ ਮੂਰਤੀ ਚੋਰੀ ਕਰ ਲਈ ਅਤੇ ਮੈਕੇਂਜੀ ਨੂੰ ਸੌਂਪ ਦਿੱਤੀ।

ਹੋਰ ਖਬਰਾਂ »

ਹਮਦਰਦ ਟੀ.ਵੀ.