ਨਵੀਂ ਦਿੱਲੀ, 24 ਨਵੰਬਰ, ਹ.ਬ. : ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਖਤਰਨਾਕ ਵਾਇਰਸ ਤੋਂ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਖਤਰਾ ਹੈ, ਜਿਹੜੇ ਪਹਿਲਾਂ ਤੋਂ ਹੀ ਕਿਸੇ ਬਿਮਾਰੀ ਨਾਲ ਜੂਝ ਰਹੇ ਹਨ। ਹੁਣ ਇਕ ਨਵੇਂ ਅਧਿਐਨ ਵਿਚ ਪਾਇਆ ਗਿਆ ਹੈ ਕਿ ਮੋਟਾਪੇ ਤੋਂ ਪੀੜਤ ਲੋਕਾਂ 'ਚ ਕੋਰੋਨਾ ਇਨਫੈਕਸ਼ਨ ਦਾ ਸਭ ਤੋਂ ਜ਼ਿਆਦਾ ਖਤਰਾ ਹੋ ਸਕਦਾ ਹੈ। ਅਜਿਹੇ ਲੋਕਾਂ ਵਿਚ ਦਿਲ ਸਬੰਧੀ ਕਾਰਕਾਂ ਦੇ ਕਾਰਨ ਕੋਰੋਨਾ ਦਾ ਖਤਰਾ ਵੱਧ ਸਕਦਾ ਹੈ। ਬਰਤਾਨੀਆ ਦੀ ਕੁਇਨ ਮੈਰੀ ਯੂਨੀਵਰਸਿਟੀ ਦੇ ਖੋਜਕਰਾਰਾਂ ਦੇ ਅਧਿਐਨ ਤੋਂ ਇਹ ਸਿੱਟਾ ਸਾਹਮਣੇ ਆਇਆ ਹੈ। ਪਹਿਲਾਂ ਕੀਤੇ ਗਏ ਕਈ ਅਧਿਐਨਾਂ ਤੋਂ ਵੀ ਦਿਲ ਸਬੰਧੀ ਕਾਰਕਾਂ ਤੇ ਕੋਰੋਨਾ ਦੀ ਗੰਭੀਰਤਾ ਵਿਚਾਲੇ ਸਬੰਧ ਜ਼ਾਹਰ ਹੋ ਚੁੱਕਾ ਹੈ। ਹਾਲਾਂਕਿ ਇਨ੍ਹਾਂ ਅਧਿਐਨਾਂ ਨਾਲ ਇਸ ਸਬੰਧ ਦੇ ਕਾਰਨ ਤੇ ਅਸਰ ਦਾ ਪਤਾ ਲੱਗ ਨਹੀਂ ਸਕਿਆ ਸੀ। ਸਾਇੰਸ ਜਰਨਲ ਫਰੰਟੀਅਰਸ ਇਨ ਜੈਨੇਟਿਕਸ ਵਿਚ ਛਪੇ ਨਵੇਂ ਅਧਿਐਨ 'ਚ ਕੋਰੋਨਾ ਇਨਫੈਕਸ਼ਨ ਦੇ ਖਤਰੇ ਦੇ ਲਿਹਾਜ਼ ਨਾਲ ਦਿਲ ਸਬੰਧੀ ਕਾਰਕਾਂ ਦੇ ਅਸਰ ਦਾ ਮੁਲਾਂਕਣ ਕੀਤਾ ਗਿਆ। ਕੁਇਨ ਮੈਰੀ ਯੂਨੀਵਰਸਿਟੀ ਦੇ ਖੋਜਕਰਤਾ ਆਂਗ ਨੇ ਕਿਹਾ, ਸਾਡੇ ਨਤੀਜਿਆਂ ਤੋਂ ਜ਼ਾਹਰ ਹੁੰਦਾ ਹੈ ਕਿ ਮੋਟਾਪੇ ਦੇ ਮਾਰਕਰ ਉੱਚ ਬਾਡੀ ਮਾਸ ਇੰਡੈਕਸ (ਬੀਐਮਆਈ) ਤੇ ਉੱਚ ਲੋ-ਡੈਂਸਿਟੀ ਲਿਪੋਪ੍ਰੋਟੀਨ (ਐੱਲਡੀਐੱਲ) ਕੋਲੋਸਟ੍ਰਾਲ ਵਾਲੇ ਲੋਕਾਂ ਵਿਚ ਕੋਰੋਨਾ ਦਾ ਖਤਰਾ ਜ਼ਿਆਦਾ ਪਾਇਆ ਗਿਆ ਹੈ। ਹਾਲਾਂਕਿ ਦਿਲ ਸਬੰਧੀ ਦੂਜੇ ਕਾਰਕਾਂ (ਹਾਈ ਬਲੱਡ ਪ੍ਰੈਸ਼ਰ ਤੇ ਡਾਇਬਟੀਜ਼) ਨਾਲ ਕੋਰੋਨਾ ਦਾ ਖਤਰਾ ਨਹੀਂ ਪਾਇਆ ਗਿਆ। ਅਧਿਐਨ ਦੇ ਇਨ੍ਹਾਂ ਨਤੀਜਿਆਂ ਨਾਲ ਮੋਟਾਪੇ ਨਾਲ ਪੀੜਤੇ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਵਿਚ ਮਦਦ ਮਿਲ ਸਕਦੀ ਹੈ। ਪਹਿਲਾਂ ਦੇ ਅਧਿਐਨਾਂ ਤੋਂ ਇਹ ਵੀ ਜਾਹਿਰ ਹੋ ਚੁੱਕਾ ਹੈ ਕਿ ਕੋਵਿਡ-19 ਤੇ ਮੋਟਾਪੇ ਵਿਚਾਲੇ ਡੂੰਘਾ ਸਬੰਧ ਹੁੰਦਾ ਹੈ। ਅਜਿਹੇ ਲੋਕਾਂ ਨੂੰ ਕੋਰੋਨਾ ਅਸਮਾਨ ਰੂਪ ਨਾਲ ਪ੍ਰਭਾਵਿਤ ਹੋ ਰਿਹਾ ਹੈ।