ਐਮਸਟਰਡਮ, 27 ਨਵੰਬਰ, ਹ.ਬ. : ਕੋਰੋਨਾ ਵਾਇਰਸ ਤੋਂ ਗੰਭੀਰ ਰੂਪ ਨਾਲ ਪ੍ਰਭਾਵਿਤ ਹੋਣ ਵਾਲੇ ਪੀੜਤਾਂ ਨੂੰ ਲੈ ਕੇ ਇਕ ਨਵਾਂ ਅਧਿਐਨ ਕੀਤਾ ਗਿਆ ਹੈ। ਇਸ ਤੋਂ ਪਤਾ ਲੱਗਾ ਹੈ ਕਿ ਗੰਭੀਰ ਰੂਪ ਤੋਂ ਪੀੜਤ ਹੋਣ ਵਾਲੇ ਜ਼ਿਆਦਾਤਰ ਮਰੀਜ਼ਾਂ ਦੇ ਫੇਫੜੇ ਤਿੰਨ ਮਹੀਨੇ ਵਿਚ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਹਨ। ਗੰਭੀਰ ਇਨਫੈਕਸ਼ਨ ਦੇ ਜ਼ਿਆਦਾਤਰ ਮਾਮਲਿਆਂ ਵਿਚ ਫੇਫੜਿਆਂ ਦੇ ਟਿਸ਼ੂ ਪੂਰੀ ਤਰ੍ਹਾਂ ਉਭਰ ਕੇ ਪਹਿਲੇ ਵਾਲੀ ਸਥਿਤੀ ਵਿਚ ਆ ਜਾਂਦੇ ਹਨ। ਕਲੀਨਿਕਲ ਇੰਫੈਕਸ਼ੀਅਸ ਡਿਜ਼ੀਜ਼ ਮੈਗਜ਼ੀਨ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਕੋਰੋਨਾ ਇਨਫੈਕਸ਼ਨ ਤੋਂ ਉਭਰਨ ਵਾਲੇ 124 ਪੀੜਤਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਦੇ ਆਧਾਰ 'ਤੇ ਇਹ ਸਿੱਟਾ ਕੱਢਿਆ ਗਿਆ ਹੈ। ਨੀਦਰਲੈਂਡ ਦੀ ਰੈਡਬਾਊਂਡ ਯੂਨੀਵਰਸਿਟੀ ਦੇ ਖੋਜਕਾਰਾਂ ਅਨੁਸਾਰ ਕੋਰੋਨਾ ਤੋਂ ਉਭਰਨ ਦੇ ਤਿੰਨ ਮਹੀਨੇ ਪਿੱਛੋਂ ਸੀਟੀ ਸਕੈਨ ਅਤੇ ਫੇਫੜਿਆਂ ਦੀ ਜਾਂਚ ਰਾਹੀਂ ਮਰੀਜ਼ਾਂ ਦੀ ਪਰਖ ਕੀਤੀ ਗਈ। ਇਸ ਵਿਚ ਇਹ ਪਤਾ ਲੱਗਾ ਕਿ ਫੇਫੜਿਆਂ ਦੇ ਟਿਸ਼ੂ ਚੰਗੀ ਤਰ੍ਹਾਂ ਉਭਰ ਰਹੇ ਹਨ। ਜ਼ਿਆਦਾਤਰ ਮਰੀਜ਼ਾਂ ਦੇ ਫੇਫੜਿਆਂ ਵਿਚ ਸੀਮਤ ਨੁਕਸਾਨ ਦਾ ਪਤਾ ਲੱਗਾ। ਇਹ ਸਮੱਸਿਆ ਆਮ ਤੌਰ 'ਤੇ ਉਨ੍ਹਾਂ ਰੋਗੀਆਂ ਵਿਚ ਦੇਖਣ ਨੂੰ ਮਿਲੀ ਜਿਨ੍ਹਾਂ ਦਾ ਇਲਾਜ ਆਈਸੀਯੂ ਵਿਚ ਕੀਤਾ ਗਿਆ ਸੀ। ਅਜਿਹੇ ਰੋਗੀਆਂ ਵਿਚ ਤਿੰਨ ਮਹੀਨੇ ਪਿੱਛੋਂ ਥਕਾਵਟ, ਸਾਹ ਦੀ ਸਮੱਸਿਆ ਅਤੇ ਛਾਤੀ ਵਿਚ ਦਰਦ ਵਰਗੀਆਂ ਸ਼ਿਕਾਇਤਾਂ ਆਮ ਤੌਰ 'ਤੇ ਪਾਈਆਂ ਗਈਆਂ। ਖੋਜਕਾਰਾਂ ਨੇ ਦੱਸਿਆ ਕਿ ਪੀੜਤਾਂ ਨੂੰ ਤਿੰਨ ਸਮੂਹਾਂ ਵਿਚ ਵੰਡ ਕੇ ਅਧਿਐਨ ਕੀਤਾ ਗਿਆ ਸੀ। ਇਕ ਸਮੂਹ ਵਿਚ ਉਨ੍ਹਾਂ ਰੋਗੀਆਂ ਨੂੰ ਸ਼ਾਮਲ ਕੀਤਾ ਗਿਆ ਸੀ ਜਿਨ੍ਹਾਂ ਨੂੰ ਆਈਸੀਯੂ ਵਿਚ ਭਰਤੀ ਕੀਤਾ ਗਿਆ ਸੀ। ਦੂਜੇ ਸਮੂਹ ਵਿਚ ਹਸਪਤਾਲ ਦੇ ਨਰਸਿੰਗ ਵਾਰਡ ਵਿਚ ਭਰਤੀ ਰਹੇ ਮਰੀਜ਼ਾਂ ਨੂੰ ਰੱਖਿਆ ਗਿਆ ਸੀ ਜਦਕਿ ਆਖਰੀ ਸਮੂਹ ਵਿਚ ਉਨ੍ਹਾਂ ਕੋਰੋਨਾ ਪੀੜਤਾਂ ਨੂੰ ਰੱਖਿਆ ਗਿਆ ਜਿਨ੍ਹਾਂ ਦਾ ਘਰ 'ਤੇ ਹੀ ਇਲਾਜ ਕੀਤਾ ਗਿਆ ਸੀ। ਇਸ ਅਧਿਐਨ ਨਾਲ ਜੁੜੇ ਖੋਜੀ ਬ੍ਰਾਮ ਵੈਨ ਡੇਨ ਬੋਰਸਟ ਨੇ ਕਿਹਾ ਕਿ ਇਨ੍ਹਾਂ ਨਤੀਜਿਆਂ ਦੇ ਆਧਾਰ 'ਤੇ ਇਲਾਜ ਦੇ ਦੂਜੇ ਬਦਲਾਂ ਨੂੰ ਲੱਭਣ ਲਈ ਹੋਰ ਅਧਿਐਨ ਕੀਤੇ ਜਾਣ ਦੀ ਲੋੜ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.