ਬੀਜਿੰਗ, 28 ਨਵੰਬਰ, ਹ.ਬ. : ਸਰੀਰ ਵਿਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਲੈ ਕੇ ਇਕ ਨਵਾਂ ਅਧਿਐਨ ਕੀਤਾ ਗਿਆ ਹੈ। ਇਸ ਵਿਚ ਪਤਾ ਲੱਗਾ ਹੈ ਕਿ ਕੋਵਿਡ-19 ਕਾਰਨ ਬਣਨ ਵਾਲਾ ਸਾਰਸ-ਕੋਵੀ-2 ਵਾਇਰਸ ਸਾਡੇ ਸੈੱਲਾਂ ਦੇ ਅੰਦਰੂਨੀ ਕੋਲੈਸਟ੍ਰੋਲ ਪ੍ਰੋਸੈੱਸਿੰਗ ਸਿਸਟਮ ਤੇ ਵੀ ਕਬਜ਼ਾ ਕਰ ਸਕਦਾ ਹੈ। ਇਸ ਦੀ ਮਦਦ ਨਾਲ ਇਹ ਘਾਤਕ ਵਾਇਰਸ ਸਰੀਰ ਵਿਚ ਫੈਲ ਸਕਦਾ ਹੈ। ਅਧਿਐਨ ਦੇ ਇਨ੍ਹਾਂ ਨਤੀਜਿਆਂ ਤੋਂ ਇਸ ਵਾਇਰਸ ਖ਼ਿਲਾਫ਼ ਸੰਭਾਵਿਤ ਇਲਾਜ ਵਿਚ ਨਵੇਂ ਟੀਚਿਆਂ ਨੂੰ ਸਾਧਿਆ ਜਾ ਸਕਦਾ ਹੈ। ਨੇਚਰ ਮੈਟਾਬੋਲਿਜ਼ਮ ਪੱਤ੍ਰਕਾ ਵਿਚ ਛਪੇ ਅਧਿਐਨ ਅਨੁਸਾਰ ਕੋਲੈਸਟ੍ਰੋਲ ਮੈਟਾਬੋਲਿਜ਼ਮ ਅਤੇ ਕੋਵਿਡ-19 ਵਿਚਕਾਰ ਇਕ ਮੋਲੀਕਿਊਲਰ ਸਬੰਧ ਦੀ ਪਛਾਣ ਕੀਤੀ ਗਈ ਹੈ। ਚੀਨ ਵਿਚ ਅਕੈਡਮੀ ਆਫ ਮਿਲਟਰੀ ਮੈਡੀਕਲ ਸਾਇੰਸਿਜ਼ ਦੇ ਖੋਜੀਆਂ ਨੇ ਦੇਖਿਆ ਕਿ ਸਾਰਸ-ਕੋਵੀ-2 ਵਾਇਰਸ ਮਨੁੱਖੀ ਸੈੱਲਾਂ ਤੇ ਮੌਜੂਦ ਇਕ ਰਿਸੈਪਟਰ ਨਾਲ ਜੁੜ ਜਾਂਦਾ ਹੈ। ਇਹ ਸੈੱਲ ਆਮ ਤੌਰ ਤੇ ਐੱਚਡੀਐੱਲ (ਹਾਈ ਡੈਂਸਿਟੀ ਲੈਪੋਪ੍ਰੋਟੀਨ) ਕੋਲੈਸਟ੍ਰੋਲ ਨਾਲ ਜੁੜੇ ਹੁੰਦੇ ਹਨ। ਇਸ ਨੂੰ ਗੁੱਡ ਕੋਲੈਸਟ੍ਰੋਲ ਵੀ ਕਿਹਾ ਜਾਂਦਾ ਹੈ। ਖੋਜੀਆਂ ਨੇ ਜਦੋਂ ਇਸ ਕੋਲੈਸਟ੍ਰੋਲ ਨੂੰ ਰੋਕ ਦਿੱਤਾ ਤਾਂ ਵਾਇਰਸ ਸੈੱਲਾਂ ਨਾਲ ਜੁੜਨ ਦੇ ਸਮਰੱਥ ਨਹੀਂ ਰਹਿ ਗਿਆ। ਅਧਿਐਨ ਦੇ ਇਸ ਨਤੀਜੇ ਤੋਂ ਜ਼ਾਹਿਰ ਹੁੰਦਾ ਹੈ ਕਿ ਸਾਰਸ-ਕੋਵੀ-2 ਵਾਇਰਸ ਇਨਫੈਕਸ਼ਨ ਦੇ ਪ੍ਰਸਾਰ ਲਈ ਕੋਸ਼ਿਕਾਵਾਂ ਦੇ ਅੰਦਰੂਨੀ ਕੋਲੈਸਟ੍ਰੋਲ ਤੰਤਰ ਦੀ ਵਰਤੋਂ ਕਰ ਸਕਦਾ ਹੈ। ਖੋਜੀਆਂ ਮੁਤਾਬਕ ਇਹ ਪ੍ਰਤੀਤ ਹੁੰਦਾ ਹੈ ਕਿ ਵਾਇਰਸ ਸੈੱਲਾਂ ਦੇ ਕੋਲੈਸਟ੍ਰੋਲ ਤੰਤਰ ਨੂੰ ਕੰਟਰੋਲ ਕਰ ਕੇ ਸੈਲਾਂ ਨੂੰ ਇਨਫੈਕਟਿਡ ਕਰਦਾ ਹੈ ਪ੍ਰੰਤੂ ਇਹ ਪਾਇਆ ਗਿਆ ਹੈ ਕਿ ਜਦੋਂ ਇਕ ਮੋਨੋਕਲੋਨਲ ਐਂਟੀ ਬਾਡੀ ਦੀ ਮਦਦ ਨਾਲ ਇਸ ਰਸਤੇ ਨੂੰ ਬੰਦ ਕੀਤਾ ਜਾਂਦਾ ਹੈ ਤਾਂ ਵਾਇਰਸ ਇਨਫੈਕਸ਼ਨ ਰੁਕ ਜਾਂਦਾ ਹੈ। ਹਾਲਾਂਕਿ ਇਹ ਅਧਿਐਨ ਅਜੇ ਆਰੰਭਿਕ ਅਵੱਸਥਾ ਵਿਚ ਹੈ ਪ੍ਰੰਤੂ ਇਸ ਤੋਂ ਕੋਰੋਨਾ ਨਾਲ ਮੁਕਾਬਲੇ ਵਿਚ ਪ੍ਰਭਾਵੀ ਇਲਾਜ ਦੇ ਵਿਕਾਸ ਦੀ ਰਾਹ ਖੁੱਲ੍ਹ ਸਕਦੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.