ਹਰ ਰੋਜ਼ਾਨਾ ਕੀਤੀ ਜਾਣ ਵਾਲੀ ਹਲਕੀ-ਫੁਲਕੀ ਕਸਰਤ ਜਿਵੇਂ ਪੌੜੀਆਂ ਚੜ੍ਹਨਾ ਜਾਂ ਗੁਆਂਢ ਦੀ ਦੁਕਾਨ ਤਕ ਚੱਲ ਕੇ ਜਾਣਾ ਮਹਾਮਾਰੀ ਦੌਰਾਨ ਤਣਾਅ ਨੂੰ ਦੂਰ ਕਰਨ ਵਿਚ ਮਦਦਗਾਰ ਸਾਬਿਤ ਹੋ ਸਕਦੀ ਹੈ। ਰੋਜ਼ਾਨਾ ਦੀਆਂ ਇਹ ਸਰਗਰਮੀਆਂ ਅਜਿਹੇ ਲੋਕਾਂ ਲਈ ਕਾਫੀ ਫ਼ਾਇਦੇਮੰਦ ਹੋ ਸਕਦੀਆਂ ਹਨ ਜੋ ਮਾਨਸਿਕ ਰੋਗਾਂ ਦੇ ਸ਼ਿਕਾਰ ਹਨ। ਦੱਸਣਯੋਗ ਹੈ ਕਿ ਇਹ ਇਕ ਗਿਆਨ ਤੱਥ ਹੈ ਕਿ ਕਸਰਤ ਸਰੀਰਕ ਅਤੇ ਮਾਨਸਿਕ ਸਿਹਤ ਲਈ ਫਾਇਦੇਮੰਦ ਹੁੰਦੀ ਹੈ। ਹਾਲਾਂਕਿ ਰੋਜ਼ਾਨਾ ਦੀਆਂ ਛੋਟੀਆਂ-ਮੋਟੀਆਂ ਸਰਗਰਮੀਆਂ ਦਾ ਮਾਨਸਿਕ ਸਿਹਤ 'ਤੇ ਪੈਣ ਵਾਲੇ ਪ੍ਰਭਾਵ ਦਾ ਸ਼ਾਇਦ ਹੀ ਹੁਣ ਤਕ ਅਧਿਐਨ ਕੀਤਾ ਗਿਆ ਹੋਵੇ। ਜਰਮਨੀ ਦੇ ਕਾਰਲਸੁਹੇ ਇੰਸਟੀਚਿਊਟ ਆਫ ਟੈਕਨਾਲੋਜੀ ਅਤੇ ਸੈਂਟਰਲ ਇੰਸਟੀਚਿਊਟ ਆਫ ਮੈਂਟਲ ਹੈਲਥ (ਸੀਆਈਐਮਐਚ) ਦੇ ਖੋਜਕਰਤਾ ਨੇ ਇਸ ਪ੍ਰਕਿਰਿਆ ਵਿਚ ਕੇਂਦਰੀ ਭੂਮਿਕਾ ਨਿਭਾਉਣ ਵਾਲੇ ਦਿਮਾਗ ਦੇ ਵੱਖ-ਵੱਖ ਹਿੱਸਿਆਂ ਦਾ ਅਧਿਐਨ ਕੀਤਾ ਹੈ। ਇਹ ਅਧਿਐਨ ਜਰਨਲ 'ਸਾਇੰਸ ਐਡਵਾਂਸਿਜ਼' ਵਿਚ ਪ੍ਰਕਾਸ਼ਿਤ ਹੋਇਆ ਹੈ। ਖੋਜ ਦੇ ਲੇਖਕਾਂ ਦਾ ਕਹਿਣਾ ਹੈ ਕਿ ਪੌੜੀਆਂ ਚੜ੍ਹਨ ਨਾਲ ਅਸੀਂ ਊਰਜਾ ਨਾਲ ਭਰਪੂਰ ਰਹਿੰਦੇ ਹਾਂ। ਖੋਜ ਵਿਚ ਇਹ ਵੀ ਕਿਹਾ ਗਿਆ ਹੈ ਕਿ ਮਹਾਮਾਰੀ ਨਾਲ ਮੌਜੂਦਾ ਸਮੇਂ ਵਿਚ ਨਾ ਕੇਵਲ ਆਮ ਲੋਕ ਪ੍ਰਭਾਵਿਤ ਹੋਏ ਹਨ ਸਗੋਂ ਸਮਾਜਿਕ ਸਰੋਕਾਰਾਂ 'ਤੇ ਵੀ ਪ੍ਰਤੀਕੂਲ ਪ੍ਰਭਾਵ ਪੈ ਰਿਹਾ ਹੈ। ਅਜਿਹੇ ਸਮੇਂ ਜੇਕਰ ਤੁਹਾਨੂੰ ਬਿਹਤਰ ਮਹਿਸੂਸ ਕਰਨਾ ਹੈ ਤਾਂ ਪੌੜੀਆਂ 'ਤੇ ਜਲਦੀ-ਜਲਦੀ ਚੜ੍ਹਨਾ ਚਾਹੀਦਾ ਹੈ। ਸੀਆਈਐਸਐਚ ਦੇ ਪ੍ਰੋਫੈਸਰ ਹੇਇਕ ਟੋਸਟ ਨੇ ਕਿਹਾ ਕਿ ਇਸ ਸਿੱਟੇ 'ਤੇ ਪੁੱਜਣ ਲਈ 67 ਲੋਕਾਂ ਦੀਆਂ ਰੋਜ਼ਾਨਾ ਦੀਆਂ ਸਰਗਰਮੀਆਂ ਦਾ ਸੱਤ ਦਿਨਾਂ ਤਕ ਅਧਿਐਨ ਕੀਤਾ ਗਿਆ। ਇਸ ਦੌਰਾਨ ਇਹ ਪਤਾ ਲੱਗਾ ਕਿ ਕਸਰਤ ਕਰਨ ਪਿੱਛੋਂ ਲੋਕ ਆਪਣੇ ਆਪ ਨੂੰ ਜ਼ਿਆਦਾ ਊਰਜਾਵਾਨ ਮਹਿਸੂਸ ਕਰ ਰਹੇ ਸਨ। ਅਧਿਐਨ ਤੋਂ ਇਹ ਪਤਾ ਚੱਲਦਾ ਹੈ ਕਿ ਮੁਸਤੈਦੀ ਅਤੇ ਊਰਜਾ ਮਾਨਸਿਕ ਸਿਹਤ ਲਈ ਮਹੱਤਵਪੂਰਣ ਤੱਤ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.