ਟੋਰਾਂਟੋ,2 ਦਸੰਬਰ, ਹ. ਬ. : ਖੇਤੀਬਾੜੀ ਕਾਨੂੰਨ ਦੇ ਮੁੱਦੇ 'ਤੇ ਭਾਰਤ 'ਚ ਚੱਲ ਰਹੇ ਕਿਸਾਨਾਂ ਅੰਦੋਲਨ ਨੂੰ ਅੰਤਰ ਰਾਸ਼ਟਰੀ ਸੁਰਖੀਆਂ ਮਿਲ ਰਹੀਆਂ ਹਨ। ਕੈਨੇਡੀਅਨ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਭਾਰਤ 'ਚ ਹੋਏ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਤੇ ਪ੍ਰਤੀਕਰਮ ਦਿਤਾ ਹੈ ਅਤੇ ਕਿਹਾ ਹੈ ਕਿ ਕੈਨੇਡਾ ਹਮੇਸ਼ਾ ਸ਼ਾਂਤਮਈ ਪ੍ਰਦਰਸ਼ਨਾਂ ਦੇ ਅਧਿਕਾਰ ਦਾ ਸਮਰਥਨ ਕਰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਮੌਕੇ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਿਤ ਕੀਤਾ ਸੀ। ਇਸ ਦੌਰਾਨ, ਉਨ੍ਹਾਂ ਨੇ ਭਾਰਤ 'ਚ ਕਿਸਾਨਾਂ ਦੇ ਪ੍ਰਦਰਸ਼ਨ ਤੇ ਭਾਸ਼ਣ ਦਿਤਾ। ਜਸਟਿਨ ਟਰੂਡੋ ਨੇ ਕਿਹਾ ਕਿ ਭਾਰਤ ਤੋਂ ਕਿਸਾਨਾਂ ਦੇ ਪ੍ਰਦਰਸ਼ਨ ਬਾਰੇ ਜੋ ਖ਼ਬਰਾਂ ਆ ਰਹੀਆਂ ਹਨ ਉਹ ਚਿੰਤਾਜਨਕ ਹਨ। ਸਾਨੂੰ ਤੁਹਾਡੇ ਪਰਵਾਰਕ ਮੈਂਬਰਾਂ ਦੀ ਚਿੰਤਾ ਹੈ। ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਹਮੇਸ਼ਾਂ ਸ਼ਾਂਤਮਈ ਪ੍ਰਦਰਸ਼ਨਾਂ ਦੇ ਹੱਕ 'ਚ ਹੈ ਅਤੇ ਭਾਰਤ ਵਿਚ ਅਜਿਹੇ ਪ੍ਰਦਰਸ਼ਨਾਂ ਦੇ ਹੱਕ 'ਚ ਅਪਣੀ ਗੱਲਬਾਤ ਰਖਦਾ ਰਹੇਗਾ। ਉਨ੍ਹਾਂ ਕਿਹਾ ਕਿ ਅਸੀਂ ਭਾਰਤੀ ਪ੍ਰਸ਼ਾਸਨ ਨਾਲ ਕਈ ਤਰੀਕਿਆਂ ਨਾਲ ਸੰਪਰਕ 'ਚ ਹਾਂ ਅਤੇ ਆਪਣੀਆਂ ਚਿੰਤਾਵਾਂ ਜ਼ਾਹਿਰ ਕਰ ਰਹੇ ਹਾਂ। ਇਹ ਉਹ ਸਮਾਂ ਹੈ ਜਦੋਂ ਅਸੀਂ ਇਕਜੁੱਟ ਰਹੀਏ।

ਜਸਟਿਨ ਟਰੂਡੋ ਕਿਸੇ ਦੇਸ਼ ਦੇ ਪਹਿਲੇ ਮੁਖੀ ਵੀ ਬਣ ਗਏ ਹਨ, ਜਿਨ੍ਹਾਂ ਨੇ ਭਾਰਤ 'ਚ ਕਿਸਾਨਾਂ ਦੇ ਪ੍ਰਦਰਸ਼ਨ ਬਾਰੇ ਟਿੱਪਣੀ ਕੀਤੀ ਹੈ। ਮਹੱਤਵਪੂਰਨ ਹੈ ਕਿ ਸਿੱਖ ਭਾਈਚਾਰੇ ਦੇ ਲੋਕ ਕੈਨੇਡਾ ਵਿਚ ਵੱਡੀ ਗਿਣਤੀ 'ਚ ਰਹਿੰਦੇ ਹਨ, ਸਿੱਖ ਵੀ ਕੈਨੇਡੀਅਨ ਸਰਕਾਰ ਵਿਚ ਬਹੁਤ ਸਾਰੇ ਮਹੱਤਵਪੂਰਣ ਅਹੁਦਿਆਂ 'ਤੇ ਹਨ। ਅਜਿਹੀ ਸਥਿਤੀ ਵਿਚ, ਜੇਕਰ ਪੰਜਾਬ 'ਚ ਕੁੱਝ ਵੱਡਾ ਹਾਦਸਾ ਵਾਪਰਦਾ ਹੈ, ਤਾਂ ਇਸਦਾ ਅਸਰ ਕੈਨੇਡਾ ਵਿਚ ਵੀ ਹੋਣਾ ਲਾਜ਼ਮੀ ਹੈ। ਜ਼ਿਕਰਯੋਗ ਹੈ ਕਿ ਕਿ ਪੰਜਾਬ ਸਮੇਤ ਕਈ ਰਾਜਾਂ ਦੇ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਇਕੱਠੇ ਹੋਏ ਹਨ। ਉਨ੍ਹਾਂ ਦਾ ਵਿਰੋਧ ਪਿਛਲੇ ਛੇ ਦਿਨਾਂ ਤੋਂ ਜਾਰੀ ਹੈ। ਪਿਛਲੇ ਸਾਲਾਂ 'ਚ ਇਹ ਕਿਸਾਨਾਂ ਦਾ ਸਭ ਤੋਂ ਵੱਡਾ ਅੰਦੋਲਨ ਹੈ।  

ਹੋਰ ਖਬਰਾਂ »

ਕੈਨੇਡਾ

ਹਮਦਰਦ ਟੀ.ਵੀ.