ਚੰਡੀਗੜ੍ਹ, 3 ਦਸੰਬਰ, ਹ.ਬ. :  ਉਮਰ ਵਧਣ ਨਾਲ ਸਿਰਫ਼ ਸਰੀਰ ਹੀ ਕਮਜ਼ੋਰ ਨਹੀਂ ਹੁੰਦਾ ਸਗੋਂ ਸਰੀਰ ਦੀਆਂ ਹੱਡੀਆਂ ਵੀ ਕਮਜ਼ੋਰ ਹੋਣ ਲਗਦੀਆਂ ਹਨ। ਅਜਿਹੇ ਵਿਚ ਚੱਲਣ-ਫਿਰਨ 'ਚ ਵੀ ਮੁਸ਼ਕਲ ਹੋਣ ਲਗਦੀ ਹੈ। ਕਈ ਵਾਰ ਉੱਠਣ-ਬੈਠਣ ਦੌਰਾਨ ਵੀ ਮਾਸਪੇਸ਼ੀਆਂ ਤੇ ਹੱਡੀਆਂ ਵਿਚ ਦਰਦ ਹੋਣ ਲਗਦਾ ਹੈ। ਅਜਿਹੀ ਹੀ ਇਕ ਬਿਮਾਰੀ ਹੈ ਓਸਟੀਓਪਰੋਸਿਸ, ਜਿਸ ਦਾ ਖ਼ਤਰਾ ਮਹਿਲਾਵਾਂ 'ਚ ਜ਼ਿਆਦਾ ਹੁੰਦਾ ਹੈ। ਮੀਨੋਪੌਜ਼ ਤੋਂ ਬਾਅਦ ਅਜਿਹੀਆਂ ਸਮੱਸਿਆਵਾਂ ਵੱਧ ਜਾਂਦੀਆਂ ਹਨ। ਇਸ ਬਿਮਾਰੀ ਵਿਚ ਸਰੀਰ ਦੀਆਂ ਹੱਡੀਆਂ ਦੀ ਘਣਤਾ ਘੱਟ ਹੋਣ ਲਗਦੀ ਹੈ। ਇਸ ਨਾਲ ਹੱਡੀਆਂ ਹੌਲੀ-ਹੌਲੀ ਘਿਸਣ ਕਾਰਨ ਕਮਜ਼ੋਰ ਹੋਣ ਲਗਦੀਆਂ ਹਨ। ਮੀਨੋਪੌਜ਼ ਤੋਂ ਬਾਅਦ ਘੱਟੋ-ਘੱਟ 50-55 ਸਾਲ ਦੀ ਉਮਰ ਤੋਂ ਬਾਅਦ ਹੱਡੀਆਂ ਖੁਰਨ ਦੀਆਂ ਸਮੱਸਿਆ ਕਾਫ਼ੀ ਵੱਧ ਜਾਂਦੀ ਹੈ। ਹੱਡੀਆਂ ਤੇ ਆਸ-ਪਾਸ ਦੀਆਂ ਮਾਸਪੇਸ਼ੀਆਂ ਵਿਚ ਲਗਾਤਾਰ ਦਰਦ ਰਹਿੰਦਾ ਹੈ, ਜਿਸ ਨਾਲ ਮਰੀਜ਼ ਦੀਆਂ ਗਤੀਵਿਧੀਆਂ ਸੀਮਤ ਹੋ ਜਾਂਦੀਆਂ ਹਨ। ਕਈ ਵਾਰ ਡਿਗਣ ਜਾਂ ਮਾਮੂਲੀ ਸੱਟ ਲੱਗਣ ਕਾਰਨ ਵੀ ਫਰੈਕਚਰ ਹੋ ਸਕਦਾ ਹੈ। ਕਈ ਮਾਮਲਿਆਂ ਵਿਚ ਹੱਡੀਆਂ ਦੀ ਘਣਤਾ ਇੰਨੀ ਘੱਟ ਹੋ ਜਾਂਦੀ ਹੈ ਕਿ ਹੱਡੀਆਂ ਆਪਣੇ ਆਪ ਟੁੱਟਣ ਲਗਦੀਆਂ ਹਨ। ਕਈ ਵਾਰ ਹੱਡੀਆਂ 'ਚ ਪੈਦਾ ਹੋਏ ਅਜਿਹੇ ਵਿਕਾਰ ਅਪੰਗਤਾ ਦਾ ਰੂਪ ਲੈ ਲੈਂਦੇ ਹਨ। ਆਮ ਤੌਰ 'ਤੇ 30 ਸਾਲ ਤੋਂ ਬਾਅਦ ਸਰੀਰ ਵਿਚ ਕੈਲਸ਼ੀਅਮ ਦੀ ਕਮੀ ਹੋਣ ਲਗਦੀ ਹੈ। ਇਸ ਉਮਰ ਤੋਂ ਬਾਅਦ ਇਕ ਵਾਰ ਫਿਰ 'ਬੋਨ ਮਿਨਰਲਜ਼ ਡੈਂਸਿਟੀ' ਚੈੱਕ ਕਰਵਾਓ। ਇਹ ਜਾਂਚ ਸੀਟੀ ਸਕੈਨ ਜਾਂ ਡੈਕਸਾ ਜ਼ਰੀਏ ਕੀਤੀ ਜਾਂਦੀ ਹੈ। ਜੇ ਹੱਡੀਆਂ ਦੀ ਘਣਤਾ ਘੱਟ ਹੋਵੇ ਤਾਂ ਡਾਕਟਰ ਦੀ ਸਲਾਹ ਨਾਲ ਕੈਲਸ਼ੀਅਮ ਤੇ ਵਿਟਾਮਿਨ-ਡੀ ਦੀ ਦਵਾਈ ਲਵੋ। ਇਸ ਨਾਲ ਹੋਣ ਵਾਲੀਆਂ ਸਮੱਸਿਆਵਾਂ ਤੋਂ ਬਚਣ ਲਈ ਮਹਿਲਾਵਾਂ ਨੂੰ ਸਿਹਤਮੰਦ ਜੀਵਨਸ਼ੈਲੀ ਤੇ ਸੰਤੁਲਿਤ ਖ਼ੁਰਾਕ ਲੈਣੀ ਚਾਹੀਦੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.