ਨਵੀਂ ਦਿੱਲੀ3 ਦਸੰਬਰ, ਹ.ਬ. : ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਦਾ ਸਾਥ ਦੇਣ ਅਤੇ ਉਨ੍ਹਾਂ ਦਾ ਜੋਸ਼ ਵਧਾਉਣ ਲਈ ਪੰਜਾਬੀ ਗਾਇਕ ਗੀਤ ਗਾ ਗਾ ਕੇ ਮਾਹੌਲ ਨੂੰ ਜੋਸ਼ੀਲਾ ਬਣਾ ਰਹੇ ਹਨ, ਪੰਜਾਬੀ ਗਾਇਕਾਂ ਵਲੋਂ ਗਾਏ ਗਏ ਗੀਤਾਂ ਜਿਹਨਾਂ ਵਿਚ ਕਿਸਾਨ ਬਿੱਲ ਨੂੰ ਕਿਸਾਨਾਂ ਦੇ ਵਿਰੁਧ ਅਤੇ ਦਿੱਲੀ ਵੱਲ ਜਾਣ ਬਾਰੇ ਸਾਰੀਆਂ ਗੱਲਾਂ ਕਹੀਆਂ ਗਈਆਂ ਹਨ।
ਤਾਲਾਬੰਦੀ ਦੌਰਾਨ, ਸੰਗੀਤ ਉਦਯੋਗ ਹੋਰਨਾਂ ਖੇਤਰਾਂ ਵਾਂਗ ਠੰਢਾ ਹੋ ਗਿਆ ਸੀ। ਪੰਜਾਬੀ ਗਾਇਕਾਂ ਉੱਤੇ ਵੀ ਇਸ ਦਾ ਪ੍ਰਭਾਵ ਪਿਆ ਸੀ ਪਰ ਹੁਣ ਉਨ੍ਹਾਂ ਨੇ ਜੋ  ਗਾਣੇ ਕਿਸਾਨ ਅੰਦੋਲਨ ਲਈ ਲਿਖੇ ਹਨ ਉਹ ਯੂ-ਟਿਊਬ 'ਤੇ ਧੂਮ ਮਚਾ ਰਹੇ ਹਨ। ਕਿਸਾਨ ਅੰਦੋਲਨ ਨੂੰ ਪੰਜਾਬੀ ਫ਼ਿਲਮ ਇੰਡਸਟਰੀ ਤੇ ਪੰਜਾਬੀ ਕਲਾਕਾਰਾਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ। ਹਰਭਜਨ ਮਾਨ, ਸਿੱਧੂ ਮੂਸੇ ਵਾਲਾ, ਬੱਬੂ ਮਾਨ, ਅੰਮ੍ਰਿਤ ਮਾਨ, ਰਣਜੀਤ ਬਾਵਾ, ਕੰਵਰ ਗਰੇਵਾਲ, ਹਰਫ ਚੀਮਾ ਅਤੇ ਜੱਸ ਬਾਜਵਾ ਵਰਗੇ ਅਨੇਕਾਂ ਕਲਾਕਾਰ ਦਿੱਲੀ ਪਹੁੰਚ ਕੇ ਕਿਸਾਨਾਂ ਦਾ ਸਾਥ ਦੇ ਰਹੇ ਹਨ। ਕੋਰੋਨਾ ਆਫ਼ਤ ਕਾਰਨ ਬਾਹਰਲੇ ਮੁਲਕਾਂ 'ਚ ਵਸਦੇ ਪੰਜਾਬੀ ਵੀ ਕਿਸਾਨਾਂ ਦਾ ਪੂਰਾ ਸਾਥ ਦੇ ਰਹੇ। ਬਾਹਰਲੇ ਮੁਲਕਾਂ 'ਚ ਵੀ ਰੈਲੀਆਂ ਕੱਢੀਆਂ ਜਾ ਰਹੀਆਂ ਹਨ।

ਜੱਟਾ ਤਕੜਾ ਹੋਜਾ: ਪੰਜਾਬੀ ਗਾਇਕ ਜਸ ਬਾਜਵਾ ਦਾ ਲਿਖਿਆ ਗੀਤ 'ਜੱਟਾ ਤੱਕੜਾ ਹੋਜਾ' ਯੂ-ਟਿਊਬ 'ਤੇ ਬਹੁਤ ਮਸ਼ਹੂਰ ਹੋ ਰਿਹਾ ਹੈ। ਗਾਣੇ ਵਿਚ ਕਿਸਾਨਾਂ ਨੂੰ ਆਪਣੀ ਜ਼ਮੀਨ ਗਵਾਉਣ ਦਾ ਡਰ ਦਿਖਾਇਆ ਗਿਆ ਹੈ। ਗਾਣਾ ਹੁਣ ਤਕ ਤਕਰੀਬਨ 44 ਲੱਖ ਵਾਰ ਯੂ-ਟਿਊਬ 'ਤੇ ਸੁਣਿਆ ਜਾ ਚੁੱਕਾ ਹੈ।
ਜਾਗ ਕਿਸਾਨਾਂ : ਹਰਫ ਚੀਮਾ ਦਾ ਲਿਖਿਆ ਗੀਤ ਪੇਚਾ ਵੀ ਯੂ-ਟਿਊਬ 'ਤੇ ਜ਼ਬਰਦਸਤ ਪ੍ਰਦਰਸ਼ਨ ਦਿਖਾ ਰਿਹਾ ਹੈ। ਇਸ ਗੀਤ ਨੂੰ ਕੰਵਰ ਗਰੇਵਾਲ ਅਤੇ ਹਰਫ ਚੀਮਾ ਨੇ ਗਾਇਆ ਹੈ। ਸੰਗੀਤ ਵੀਡੀਉ ਵਿਚ, ਕਿਸਾਨ ਬਿੱਲ ਦਾ ਵਿਰੋਧ ਕਰਦੇ ਹੋਏ ਦਿਖਾਈ ਦਿਤੇ ਹਨ। ਗਾਣੇ ਵਿਚ ਕੁਝ ਥਾਵਾਂ ਤੇ ਅਸਲੀ ਕਲਿੱਪ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਦਿੱਲੀਏ ਪੰਜਾਬ ਨਾਲ ਪੰਗੇ ਠੀਕ ਨਹੀਂ: ਆਰ ਨੇਤ ਦਾ ਗਾਣਾ ਦਿੱਲੀਏ ਪੰਜਾਬ ਨਾਲ ਪੰਗੇ ਠੀਕ ਨਹੀਂ ਯੂ-ਟਿਊਬ 'ਤੇ ਬਹੁਤ ਮਸ਼ਹੂਰ ਹੋ ਰਿਹਾ ਹੈ, ਤਕਰੀਬਨ ਤਿੰਨ ਮਿੰਟਾਂ ਦੇ ਇਸ ਗਾਣੇ ਨੂੰ ਹੁਣ ਤੱਕ 25 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਅਸੀਂ ਵੱਢਾਂਗੇ: ਹਿੰਮਤ ਸੰਧੂ ਦੁਆਰਾ ਲਿਖਿਆ ਅਤੇ ਗਾਇਆ ਗਿਆ ਗਾਣਾ ਅਸੀ ਵੱਢਾਂਗੇ ਨੂੰ ਹੁਣ ਤਕ ਯੂ-ਟਿਊਬ 'ਤੇ 50 ਲੱਖ ਤੋਂ ਵੀ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਇਸ ਗਾਣੇ ਨੂੰ ਹਿੰਮਤ ਨੇ ਖ਼ੁਦ ਵੀ ਤਿਆਰ ਕੀਤਾ ਹੈ ।
ਕਿਸਾਨ ਬਨਾਮ ਰਾਜਨੀਤੀ: ਅਨਮੋਲ ਗਗਨ ਮਾਨ ਨੇ ਮੈਟ ਸ਼ੇਰੋ ਵਾਲਾ ਵਲਾਂ ਲਿਖਿਆ ਗੀਤ  ਕਿਸਾਨ ਬਨਾਮ ਰਾਜਨੀਤੀ' ਗਾਇਆ ਹੈ। ਵੀਡੀਉ ਉਨ੍ਹਾਂ ਦੇ ਅਧਿਕਾਰਤ ਯੂ-ਟਿਊਬ ਚੈਨਲ 'ਤੇ ਅਪਲੋਡ ਕੀਤੀ ਗਈ ਹੈ ਅਤੇ ਹੁਣ ਤਕ ਇਸ ਨੂੰ 4 ਲੱਖ ਵਾਰ ਸੁਣਿਆ ਜਾ ਚੁੱਕਾ ਹੈ। 

ਹੋਰ ਖਬਰਾਂ »

ਹਮਦਰਦ ਟੀ.ਵੀ.