ਤੇਲ ਅਵੀਲ, 3 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਇਜ਼ਰਾਈਲ ਵਿੱਚ ਇੱਕ ਵਾਰ ਫਿਰ ਸਿਆਸੀ ਸੰਕਟ ਖੜ•ਾ ਹੋ ਗਿਆ ਹੈ ਅਤੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੇ ਸ਼ਾਸਨ ਦਾ ਅੰਤ ਹੈ। ਇਜ਼ਰਾਈਲ ਦੀ ਸੰਸਦ ਨੇਸੇਟ ਨੂੰ ਭੰਗ ਕੀਤੇ ਜਾਣ ਦਾ ਸ਼ੁਰੂਆਤੀ ਪ੍ਰਸਤਾਵ ਬਹੁਮਤ ਨਾਲ ਪਾਸ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਦੋ ਸਾਲ 'ਚ ਚੌਥੀ ਵਾਰ ਆਮ ਚੋਣਾਂ ਕਰਵਾਏ ਜਾਣ ਦੀ ਸੰਭਾਵਨਾਠ ਪੈਦਾ ਹੋ ਗਈ ਹੈ। ਗਠਜੋੜ 'ਚ ਨੇਤਨਯਾਹੂ ਦੇ ਸਹਿਯੋਗੀ ਬੇਨੀ ਗੇਂਟਜ ਨੇ ਨੇਤਨਯਾਹੂ 'ਤੇ ਵਾਅਦਾਖਿਲਾਫ਼ੀ ਦਾ ਦੋਸ਼ ਲਾਇਆ ਹੈ। ਗੇਂਟਜ ਨੇ ਕਿਹਾ ਹੈ ਕਿ ਉਹ ਸੰਸਦ ਵਿੱਚ ਸਰਕਾਰ ਵਿਰੁੱਧ ਵੋਟ ਪਾਉਣਗੇ ਅਤੇ ਹੁਣ ਬੇਹਤਰ ਇਹੀ ਹੋਵੇਗਾ ਕਿ ਦੇਸ਼ ਵਿੱਚ ਮੁੜ ਚੋਣਾਂ ਕਰਵਾਈਆਂ ਜਾਣ।
ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਾਹੂ 'ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲੱਗੇ ਹਨ ਅਤੇ ਕਈ ਮਹੀਨਿਆਂ ਤੋਂ ਤੇਲ ਅਵੀਲ ਦੀਆਂ ਸੜਕਾਂ 'ਤੇ ਪ੍ਰਦਰਸ਼ਨ ਵੀ ਹੋ ਰਹੇ ਹਨ। ਇਜ਼ਰਾਈਲੀ ਸੰਸਦ 'ਨੇਸੇਟ' ਵਿੱਚ ਪੇਸ਼ ਇਸ ਪ੍ਰਸਤਾਵ ਦੇ ਪੱਖ ਵਿੱਚ 61, ਜਦਕਿ ਵਿਰੋਧ 'ਚ 54 ਵੋਟਾਂ ਪਈਆਂ।
ਅਗਲੇ ਹਫ਼ਤੇ ਦੀ ਸ਼ੁਰੂਆਤ ਵਿੱਚ ਅੰਤਮ ਵੋਟਿੰਗ ਤੋਂ ਬਾਅਦ ਸੰਸਦ ਨੂੰ ਭੰਗ ਕੀਤਾ ਜਾ ਸਕਦਾ ਹੈ, ਜਿਸ ਮਗਰੋਂ ਮਾਰਚ ਜਾਂ ਅਪ੍ਰੈਲ ਵਿੱਚ ਇਜ਼ਰਾਈਲ 'ਚ ਫਿਰ ਤੋਂ ਚੋਣਾਂ ਹੋ ਸਕਦੀਆਂ ਹਨ। ਅੰਤਮ ਵੋਟਿੰਗ ਨੂੰ ਟਾਲਣ ਦੀਆਂ ਕੋਸ਼ਿਸ਼ਾਂ ਦੇ ਤਹਿਤ ਆਉਣ ਵਾਲੇ ਦਿਨਾਂ ਵਿੱਚ ਸਰਕਾਰ 'ਚ ਸ਼ਾਮਲ ਦੋਵੇਂ ਮੁੱਖ ਦਲਾਂ ਵਿਚਕਾਰ ਗੱਲਬਾਤ ਹੋ ਸਕਦੀ ਹੈ।
ਇਸ ਪ੍ਰਸਤਾਵ ਨੂੰ ਸੰਸਦੀ ਕਮੇਟੀ ਦੀ ਮਨਜ਼ੂਰੀ ਮਿਲਣੀ ਬਾਕੀ ਹੈ। ਇਸ ਤੋਂ ਬਾਅਦ ਇਸ 'ਤੇ ਦੋ ਵਾਰ ਹੋਰ ਵੋਟਿੰਗ ਕਰਵਾਈ ਜਾਵੇਗੀ। ਨੇਤਨਯਾਹੂ ਲਿਕੁਡ ਪਾਰਟੀ ਦੇ ਪ੍ਰਧਾਨ ਹਨ। ਗੇਂਟਜ ਬਲੂ ਐਂਡ ਵਾਈਟ ਪਾਰਟੀ ਲੀਡਰ ਹਨ। ਮਈ ਵਿੱਚ ਦੋਵੇਂ ਦਲਾਂ ਨੇ ਇੱਕ ਕਾਮਨ ਪ੍ਰੋਗਰਾਮ ਰਾਹੀਂ ਸਰਕਾਰ ਬਣਾਉਣ 'ਤੇ ਸਹਿਮਤੀ ਜਤਾਈ ਸੀ। ਇੱਕ ਡੀਲ ਵੀ ਹੋਈ ਸੀ। ਇਸ ਦੇ ਤਹਿਤ ਨੇਤਨਯਾਹੂ ਪਹਿਲੇ 18 ਮਹੀਨੇ ਪ੍ਰਧਾਨ ਮੰਤਰੀ ਰਹਿਣਗੇ। ਅਗਲੇ 18 ਮਹੀਨੇ ਗੇਂਟਜ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣਗੇ। ਸਰਕਾਰ ਬਣਨ ਬਾਅਦ ਹੀ ਦੋਵਾਂ ਪਾਰਟੀਆਂ ਦੇ ਕਈ ਮਤਭੇਦ ਸਾਹਮਣੇ ਆ ਚੁੱਕੇ ਹਨ।
ਗੇਂਟਜ ਨੇ ਦੋਸ਼ ਲਾਇਆ ਹੈ ਕਿ ਜਦੋਂ ਤੋਂ ਸਰਕਾਰ ਬਣੀ ਹੈ, ਤਦ ਤੋਂ ਬੇਂਜਾਮਿਨ ਗਠਜੋੜ ਦੇ ਵਾਅਦੇ ਨਹੀਂ ਨਿਭਾ ਰਹੇ। ਜੇਕਰ ਇਹੀ ਰਿਹਾ ਤਾਂ ਅੱਗੇ ਇਕੱਠਿਆਂ ਚੱਲਣਾ ਔਖਾ ਹੋਵੇਗਾ। ਬੇਨੀ ਨੇ ਕਿਹਾ ਕਿ ਗਜਠੋੜ ਸਹਿਯੋਗੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ•ਾਂ ਦਾ ਨੇਤਾ ਕੀ ਕਰ ਰਿਹਾ ਹੈ। ਗੇਂਟਜ ਦੇਸ਼ ਦੇ ਰੱਖਿਆ ਮੰਤਰੀ ਹਨ। ਉਨ•ਾਂ ਦੇ ਮੁਤਾਬਕ ਉਹ ਨਹੀਂ ਚਾਹੁੰਦੇ ਕਿ ਸਰਕਾਰ ਤੁਰੰਤ ਡਿੱਗ ਜਾਵੇ। ਗੇਂਟਜ ਦੀ ਬਲੂ ਐਂਡ ਵਾਈਟ ਪਾਰਟੀ ਨੇ ਸਰਕਾਰ ਭੰਗ ਕਰਨ ਦੇ ਸਮਰਥਨ ਵਿੱਚ ਵੋਟ ਪਾਈ ਹੈ। ਪਾਰਟੀ ਨੇ ਪ੍ਰਧਾਨ ਮੰਤਰੀ 'ਤੇ ਆਪਣੇ ਕਾਨੂੰਨੀ ਹਿੱਤਾਂ ਨੂੰ ਦੇਸ਼ ਤੋਂ ਉਪਰ ਰੱਖਣ ਦਾ ਦੋਸ਼ ਲਾਇਆ ਹੈ।
ਦੱਸ ਦੇਈਏ ਕਿ ਇਸ ਸਾਲ ਦੇ ਸ਼ੁਰੂ ਵਿੱਚ ਨੇਤਨਯਾਹੂ 'ਤੇ ਧੋਖਾਧੜੀ, ਵਿਸ਼ਵਾਸਘਾਤ ਅਤੇ ਰਿਸ਼ਵਤ ਲੈਣ ਦੇ ਦੋਸ਼ ਲੱਗੇ ਸਨ। ਅਗਲੇ ਮਹੀਨੇ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਹੁਣ ਵਾਲੀ ਹੈ, ਜਿਸ 'ਚ ਨੇਤਨਯਾਹੂ ਨੂੰ ਪੇਸ਼ ਹੋਣਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.