ਮੁੰਬਈ, 4 ਦਸੰਬਰ ਹ.ਬ. : ਕਿਸਾਨਾਂ ਵਿਰੁਧ ਬੋਲਣ 'ਤੇ ਅਦਾਕਾਰਾ ਕੰਗਨਾ ਰਣੌਤ ਨੂੰ ਖਰੀਆਂ ਖਰੀਆਂ ਸੁਨਣ ਨੂੰ ਮਿਲ ਰਹੀਆਂ ਹਨ। ਕੰਗਨਾ ਰਣੌਤ ਤੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਦੀ ਟਵਿੱਟਰ ਵਾਰ ਕਾਫੀ ਚਰਚਾ ਵਿਚ ਆ ਗਿਆ ਸੀ, ਹੁਣ ਪੰਜਾਬੀ ਗਾਇਕ ਮੀਕਾ ਸਿੰਘ ਨੇ ਵੀ ਕੰਗਣਾ 'ਤੇ ਭੜਕ ਪਏ ਹਨ। ਦਸਣਯੋਗ ਹੈ ਕਿ, ਕਿਸਾਨ ਅੰਦੋਲਨ ਦੌਰਾਨ ਕੰਗਨਾ ਨੇ ਇਕ ਬਜ਼ੁਰਗ ਔਰਤ ਬਾਰੇ ਟਵੀਟ ਕਰਦੇ ਹੋਏ ਉਨ੍ਹਾਂ ਨੂੰ ਸ਼ਾਹੀਨ ਬਾਗ਼ ਪ੍ਰੋਟੈਸਟ ਦੀ ਬਿਲਕਿਸ ਬਾਨੋ ਦੱਸਿਆ ਸੀ। ਹਾਲਾਂਕਿ ਬਾਅਦ 'ਚ ਉਸ ਨੇ ਉਹ ਟਵੀਟ ਡਿਲੀਟ ਕਰ ਦਿੱਤਾ ਪਰ ਉਦੋਂ ਤਕ ਮਾਮਲਾ ਵਧ ਗਿਆ।
ਜ਼ਿਕਰਯੋਗ ਹੈ ਕਿ, ਕੰਗਨਾ ਦੀ ਇਸ ਟਿੱਪਣੀ 'ਤੇ ਬਜ਼ੁਰਗ ਔਰਤ ਜਿਨ੍ਹਾਂ ਦਾ ਨਾਂ ਮਹਿੰਦਰ ਕੌਰ ਹੈ, ਨੇ ਵੀ ਜਵਾਬ ਦਿੱਤਾ ਸੀ। ਹੁਣ ਦਿਲਜੀਤ ਤੋਂ ਬਾਅਦ ਹੁਣ ਬਾਲੀਵੁੱਡ ਦੇ ਪੰਜਾਬੀ ਗਾਇਕ ਮੀਕਾ ਸਿੰਘ ਨੇ ਵੀ ਕੰਗਨਾ ਦੇ ਬਿਆਨ ਖ਼ਿਲਾਫ਼ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਮੀਕਾ ਨੇ ਤਾਂ ਇੱਥੋਂ ਤਕ ਕਿਹਾ ਹੈ ਕਿ ਜੇਕਰ ਤੁਹਾਡੇ ਅੰਦਰ ਥੋੜ੍ਹੀ ਜਿਹੀ ਵੀ ਤਮੀਜ਼ ਹੈ ਤਾਂ ਤੁਹਾਨੂੰ ਬਜ਼ੁਰਗ ਦਾਦੀ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ।'
ਮੀਕਾ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਦੋ ਬਜ਼ੁਰਗ ਦਾਦੀਆਂ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਉੱਪਰ ਕੰਗਨਾ ਦਾ ਉਹ ਟਵੀਟ ਹੈ ਜਿਸ ਵਿਚ ਉਸ ਨੇ ਦਾਦੀ ਦੀ ਤੁਲਨਾ ਬਿਲਕਿਸ ਬਾਨੋ ਨਾਲ ਕੀਤੀ ਸੀ। ਇਸ ਤਸਵੀਰ ਨੂੰ ਟਵੀਟ ਕਰਦਿਆਂ ਮੀਕਾ ਨੇ ਲਿਖਿਆ, 'ਮੇਰੇ ਦਿਲ ਵਿਚ ਕੰਗਨਾ ਲਈ ਬਹੁਤ ਸਨਮਾਨ ਸੀ, ਬਲਕਿ ਜਦੋਂ ਉਸ ਦੇ ਦਫ਼ਤਰ ਵਿਚ ਭੰਨਤੋੜ ਹੋਈ ਸੀ ਉਦੋਂ ਮੈਂ ਟਵੀਟ ਵੀ ਕੀਤਾ ਸੀ, ਪਰ ਹੁਣ ਮੈਨੂੰ ਲਗਦਾ ਹੈ ਕਿ ਮੈਂ ਗ਼ਲਤ ਸੀ। ਕੰਗਨਾ ਰਣੌਤ ਇਕ ਔਰਤ ਹੋਣ ਦੇ ਨਾਤੇ ਤੁਹਾਨੂੰ ਬਜ਼ੁਰਗ ਔਰਤ ਪ੍ਰਤੀ ਸਨਮਾਨ ਦਿਖਾਉਣਾ ਚਾਹੀਦੈ। ਜੇਕਰ ਤੁਹਾਡੇ ਅੰਦਰ ਥੋੜ੍ਹੀ ਜਿਹੀ ਵੀ ਤਮੀਜ਼ ਹੈ ਤਾਂ ਮਾਫੀ ਮੰਗੋ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।'

ਹੋਰ ਖਬਰਾਂ »

ਹਮਦਰਦ ਟੀ.ਵੀ.