ਮੌਂਟਰੀਅਲ, 13 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਕਿਊਬਿਕ ਸੂਬੇ ਵਿੱਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਹਾਲਾਤ ਨਾਜ਼ੁਕ ਬਣਦੇ ਜਾ ਰਹੇ ਹਨ। ਸੂਬੇ ਦੇ ਪ੍ਰੀਮੀਅਰ ਫਰੈਂਕੁਆਇਸ ਲਿਗੌਲਟ ਨੇ ਕਿਹਾ ਹੈ ਕਿ ਤੇਜ਼ੀ ਨਾਲ ਵਧਦੇ ਕੇਸਾਂ ਕਾਰਨ ਕਿਊਬਿਕ ਨੂੰ ਸਭ ਤੋਂ ਖਰਾਬ ਦੌਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਮੌਂਟਰੀਅਲ ਹਸਪਤਾਲ ਦੀ ਹਾਲਤ ਇਹ ਹੈ ਕਿ ਡਾਕਟਰਾਂ ਅਤੇ ਨਰਸਾਂ ਨੂੰ ਇਹ ਚੁਣਨਾ ਪੈ ਸਕਦਾ ਹੈ ਕਿ ਕਿਨ੍ਹਾਂ ਮਰੀਜ਼ਾਂ ਨੂੰ ਮਰਨ ਦਿੱਤਾ ਜਾਵੇ ਤੇ ਕਿਨ੍ਹਾਂ ਦੀ ਜਾਨ ਬਚਾਈ ਜਾਵੇ। 
ਪ੍ਰੀਮੀਅਰ ਨੇ ਕਿਹਾ ਕਿ ਹਾਲਾਤ ਇਹ ਬਣ ਰਹੇ ਹਨ ਕਿ ਗੰਭੀਰ ਰੋਗੀਆਂ ਵਾਲੇ ਆਈਸੀਯੂ ਮਰੀਜ਼ਾਂ ਨੂੰ ਵੈਂਟੀਲੇਟਰ ਤੋਂ ਹਟਾਇਆ ਜਾ ਸਕਦਾ ਹੈ, ਜਿਸ ਨਾਲ ਕਿਸੇ ਦੂਜੇ ਦੀ ਜਾਨ ਬਚਾਈ ਜਾ ਸਕੇ। ਫਰੈਂਕੁਆਇਸ ਲਿਗੌਲਟ ਨੇ ਕਿਹਾ ਕਿ ਹਾਲਾਤ ਬਹੁਤ ਨਾਜ਼ੁਕ ਹਨ, ਖਾਸ ਕਰ ਗੇ੍ਰਟਰ ਮੌਂਟਰੀਅਲ ਖੇਤਰ ਵਿੱਚ ਸਥਿਤੀ ਗੰਭੀਰ ਬਣੀ ਹੋਈ ਹੈ। ਮੌਂਟਰੀਅਲ ਦੇ ਹਸਪਤਾਲਾਂ ’ਚ ਐਮਰਜੰਸੀ ਵਾਰਡਾਂ ’ਤੇ ਦਬਾਅ ਹੈ। ਇਸ ਲਈ ਸਰਜਰੀਆਂ ਨੂੰ ਰੋਕਣਾ ਪੈ ਸਕਦਾ ਹੈ। ਸੂਬੇ ਭਰ ਦੇ ਹਸਪਤਾਲਾਂ ਵਿੱਚ 1436 ਕੋਵਿਡ-19 ਪੌਜ਼ੀਟਿਵ ਮਰੀਜ਼ ਹਨ ਅਤੇ ਬਹੁਤ ਸਾਰੇ ਹਸਪਤਾਲਾਂ ਵਿੱਚ ਥਾਂ ਨਹੀਂ ਬਚੀ, ਖਾਸ ਕਰ ਮੌਂਟਰੀਅਲ ਦੇ ਹਸਪਤਾਲਾਂ ਵਿੱਚ ਹੋਰ ਮਰੀਜ਼ਾਂ ਲਈ ਥਾਂ ਨਹੀਂ ਹੈ। 

 

ਹੋਰ ਖਬਰਾਂ »

ਹਮਦਰਦ ਟੀ.ਵੀ.