ਜਲੰਧਰ, 13 ਜਨਵਰੀ, ਹ.ਬ. : ਲੋਹੀਆਂ ਦੇ ਅਧੀਨ ਪੈਂਦੇ ਪਿੰਡ ਅਲੀਵਾਲ ਵਿਚ ਹੋਏ ਮਾਂ ਪੁੱਤ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਾਂਦੇ ਹੋਏ ਥਾਣਾ ਲੋਹੀਆਂ ਦੀ ਪੁਲਿਸ ਨੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਉਕਤ ਨੌਜਵਾਨ ਨੇ ਪੰਚਾਇਤ ਵਿਚ ਹੋਈ ਆਪਣੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਦੋਵਾਂ ਦਾ ਕਤਲ ਕੀਤਾ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਦਿਹਾਤੀ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਥਾਣਾ ਲੋਹੀਆਂ ਦੇ ਮੁਖੀ ਇੰਸਪੈਕਟਰ ਬਲਵਿੰਦਰ ਸਿੰਘ ਨੂੰ ਜਸਪਾਲ ਸਿੰਘ ਵਾਸੀ ਪਿੰਡ ਅਲੀਵਾਲ ਲੋਹੀਆ ਨੇ ਸ਼ਿਕਾਇਤ ਦਿੱਤੀ ਸੀ ਕਿ 5 ਜਨਵਰੀ ਨੂੰ ਸਵੇਰੇ ਅੱਠ ਵਜੇ ਜਦ ਉਹ ਆਪਣੀ ਗੂੰਗੀ ਤੇ ਬੋਲੀ ਚਾਚੀ ਕਰਤਾਰੀ ਦੇ ਘਰ ਉਸ ਨੂੰ ਮਿਲਣ ਲਈ ਗਿਆ ਤਾਂ ਉਸ ਦੀ ਲਾਸ਼ ਮੰਜੇ ‘ਤੇ ਪਈ ਹੋਈ ਸੀ ਜਿਸ ਉੱਪਰ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ। ਜਦ ਉਸ ਨੇ ਚਾਚੀ ਦੇ ਮੁੰਡੇ ਮੰਗਤ ਰਾਮ ਦੀ ਭਾਲ ਕੀਤੀ ਤਾਂ ਉਸ ਦੀ ਲਾਸ਼ ਖੇਤਾਂ ਵਿਚ ਪਈ ਮਿਲੀ। ਪੁਲਿਸ ਨੇ ਜਸਪਾਲ ਸਿੰਘ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਕੇ ਇਸ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਜਦ ਪੁਲਿਸ ਪਾਰਟੀ ਮੰਗਲਵਾਰ ਸਵੇਰੇ ਅੱਡਾ ਨਿਹਾਲਪੁਰ ਵੱਲ ਪਹੁੰਚੇ ਇਕ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਇਕਦਮ ਖਿਸਕਣ ਲੱਗਾ। ਸ਼ੱਕ ਪੈਣ ‘ਤੇ ਜਦ ਉਸ ਨੂੰ ਰੋਕ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਉਸ ਨੇ ਹੀ ਕਰਤਾਰੀ ਅਤੇ ਮੰਗਤ ਰਾਮ ਦਾ ਕਤਲ ਕੀਤਾ ਹੈ। ਉਕਤ ਵਿਅਕਤੀ ਜਿਸ ਦੀ ਪਛਾਣ ਬਲਵਿੰਦਰ ਸਿੰਘ ਉਰਫ ਸੰਨੀ ਵਾਸੀ ਪਿੰਡ ਅਲੀਵਾਲ ਦੇ ਰੂਪ ਵਿਚ ਹੋਈ ਹੈ, ਨੇ ਮੁੱਢਲੀ ਪੁੱਛਗਿੱਛ ਵਿਚ ਦੱਸਿਆ ਕਿ ਉਸ ਨੇ ਕੁਝ ਸਮਾਂ ਪਹਿਲਾਂ ਕਰਤਾਰੀ ਦੇ ਘਰੋਂ ਸਿਲੰਡਰ ਚੋਰੀ ਕੀਤਾ ਸੀ ਜਿਸ ਦੀ ਸ਼ਿਕਾਇਤ ਕਰਤਾਰੀ ਨੇ ਪਿੰਡ ਦੀ ਪੰਚਾਇਤ ਵਿਚ ਕੀਤੀ ਸੀ। ਜਿੱਥੇ ਉਸ ਦੇ ਪਿਤਾ ਨੂੰ ਸਿਲੰਡਰ ਦਾ ਹਰਜਾਨਾ ਭਰਨਾ ਪਿਆ ਸੀ। ਉਸ ਨੇ ਇਸ ਗੱਲ ਦੀ ਬੇਇਜ਼ਤੀ ਮਹਿਸੂਸ ਕੀਤੀ ਸੀ ਜਿਸ ਦਾ ਬਦਲਾ ਲੈਣ ਲਈ ਉਸ ਨੇ ਇਹ ਕਦਮ ਚੁੱਕਿਆ। ਉਸ ਨੇ ਦੱਸਿਆ ਕਿ ਪਹਿਲਾਂ ਉਸ ਨੇ ਮੰਗਤ ਰਾਮ ਨੂੰ ਫ਼ਿਲਮ ਦਿਖਾਉਣ ਦਾ ਬਹਾਨਾ ਬਣਾ ਕੇ ਖੇਤਾਂ ਵਿਚ ਬੁਲਾਇਆ ਅਤੇ ਪਜਾਮੇ ਨਾਲ ਉਸ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ ਅਤੇ ਬਾਅਦ ਵਿਚ ਉਨ੍ਹਾਂ ਦੇ ਘਰ ਜਾ ਕੇ ਕੁਹਾੜੀ ਨਾਲ ਉਸ ਦੀ ਮਾਂ ਕਰਤਾਰੀ ਦਾ ਵੀ ਕਤਲ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ। 

ਹੋਰ ਖਬਰਾਂ »

ਹਮਦਰਦ ਟੀ.ਵੀ.