ਟੋਰਾਂਟੋ, 13 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਤੇ ਅਮਰੀਕਾ ਦੇ ਪੰਜਾਬੀ ਹੁਣ ਕਿਸਾਨ ਮੋਰਚੇ ਦੇ ਪੀੜਤਾਂ ਦੀ ਮਾਲੀ ਮਦਦ ਕਰਨਗੇ। ਗਾਉਂਦਾ ਪੰਜਾਬ ਰੇਡਿਓ ਦੇ ਮਾਲਕ ਜੁਗਿੰਦਰ ਸਿੰਘ ਬਾਸੀ ਤੇ ਗੁਰਭੇਜ ਸਿੰਘ ਸਿੱਧੂ ਵੱਲੋਂ ਕੈਨੇਡਾ-ਅਮਰੀਕਾ ਦੇ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਦਿੱਲੀ ’ਚ ਕਿਸਾਨ ਮੋਰਚੇ ਦੌਰਾਨ ਆਪਣੀਆਂ ਜਾਨਾਂ ਗਵਾ ਚੁੱਕੇ ਅਤੇ ਅਪਾਹਜ ਹੋ ਗਏ ਕਿਸਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਾਲੀ ਮਦਦ ਲਈ 1 ਕਰੋੜ ਰੁਪਏ (ਲਗਭਗ ਪੌਣੇ 2 ਲੱਖ ਕੈਨੇਡੀਅਨ ਡਾਲਰ) ਦੀ ਰਾਸ਼ੀ ਟੋਰਾਂਟੋ ਡੁਮੀਨੀਅਨ (ਟੀ.ਡੀ.) ਬੈਂਕ ਦੇ ਖਾਤੇ ਵਿੱਚ ਜਮ੍ਹਾ ਕਰਵਾ ਦਿੱਤੀ ਹੈ। 
ਜੁਗਿੰਦਰ ਸਿੰਘ ਬਾਸੀ ਨੇ ਕਿਹਾ ਕਿ ਬੀਤੇ ਦਿਨਾਂ ਦੌਰਾਨ ਗਾਉਂਦਾ ਪੰਜਾਬ ਰੇਡੀਓ ਤੇ ਟੈਲੀਵਿਜ਼ਨ ਪ੍ਰੋਗਰਾਮ ਦੇ ਸਰੋਤਿਆਂ ਅਤੇ ਦਰਸ਼ਕਾਂ ਨੇ ਆਪਦਾ ਤਿਲਫੁਲ ਯੋਗਦਾਨ ਪਾ ਕੇ ਇਹ ਕਰਮ ਇਕੱਠੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਅਤੇ ਅਮਰੀਕਾ ਦਾ ਪੰਜਾਬੀ ਭਾਈਚਾਰਾ ਕਿਸਾਨ ਮੋਰਚੇ ਨਾਲ ਢਾਲ ਬਣ ਕੇ ਖੜ੍ਹਾ ਹੈ ਅਤੇ ਮੋਰਚੇ ਦੇ ਪੀੜਤਾਂ ਦੀ ਹਰ ਮਦਦ ਕਰੇਗਾ। ਉਨ੍ਹਾਂ ਦੱਸਿਆ ਕਿ ਪੀੜਤਾਂ ਦੀ ਅਧਿਕਾਰਤ ਸੂਚੀ ਪੰਜਾਬ ਸਰਕਾਰ ਤੋਂ ਪ੍ਰਾਪਤ ਕੀਤੀ ਜਾ ਰਹੀ ਹੈ, ਜਿਸ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਵੀਨ ਠੁਕਰਾਲ ਨਾਲ ਗੱਲ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰ ਨੂੰ 1-1 ਲੱਖ ਰੁਪਏ ਅਤੇ ਅੰਗਹੀਣ ਹੋ ਗਏ ਕਿਸਾਨਾਂ ਨੂੰ 50-50 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ। 

ਹੋਰ ਖਬਰਾਂ »

ਹਮਦਰਦ ਟੀ.ਵੀ.