ਖੂੰਖਾਰ ਅੱਤਵਾਦੀ ਸੰਗਠਨ ਅਲਕਾਇਦਾ ਨੂੰ ਪਨਾਹ ਦੇ ਰਿਹਾ ਹੈ ਈਰਾਨ

ਵਾਸ਼ਿੰਗਟਨ, 13 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਈਰਾਨ ’ਤੇ ਤਿੱਖੇ ਸ਼ਬਦੀ ਵਾਰ ਕਰਦੇ ਹੋਏ ਕਿਹਾ ਹੈ ਕਿ ਉਹ ਅਲ-ਕਾਇਦਾ ਦੇ ਅੱਤਵਾਦੀਆਂ ਦਾ ਨਵਾਂ ਕੇਂਦਰ ਬਣ ਚੁੱਕਾ ਹੈ, ਜਿੱਥੇ ਕਥਿਤ ਤੌਰ ’ਤੇ ਵੱਡੀ ਗਿਣਤੀ ਅੱਤਵਾਦੀ ਰਹਿ ਰਹੇ ਹਨ।  ਅਮਰੀਕੀ ਵਿਦੇਸ਼ ਮੰਤਰੀ ਨੇ ਈਰਾਨ ਸਰਕਾਰ ’ਤੇ ਖੁੱਲ੍ਹ ਕੇ ਦੋਸ਼ ਲਾਇਆ ਹੈ ਕਿ ਉਹ ਜਿਹਾਦੀ ਨੈਟਵਰਕ ਅਲ-ਕਾਇਦਾ ਨੂੰ ਆਪਣੀ ਜ਼ਮੀਨ ’ਤੇ ਨਵਾਂ ਟਿਕਾਣਾ ਬਣਾਉਣ ਦੇ ਰਹੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਦਾ ਇਹ ਮੰਨਣਾ ਗ਼ਲਤ ਹੈ ਕਿ ਇੱਕ ਸ਼ਿਆ ਤਾਕਤ ਈਰਾਨ ਅਤੇ ਸੁੰਨੀ ਕੱਟੜਪੰਥੀ ਗੁੱਟ ਅਲ-ਕਾਇਦਾ ਇੱਕ-ਦੂਜੇ ਦੇ ਦੁਸ਼ਮਣ ਹਨ। ਮਾਈਕ ਪੌਂਪੀਓਂ ਨੇ ਦੋਸ਼ ਲਾਇਆ ਕਿ ਈਰਾਨ ਨੇ 2015 ਤੋਂ ਦੇਸ਼ ਵਿੱਚ ਮੌਜੂਦ ਅਲ-ਕਾਇਦਾ ਨੇਤਾਵਾਂ ਨੂੰ ਖੁੱਲ੍ਹ ਕੇ ਦੂਜੇ ਮੈਂਬਰਾਂ ਨਾਲ ਗੱਲ ਕਰਨ ਦੀ ਛੋਟ ਦਿੱਤੀ ਹੋਈ ਹੈ। ਇਹ ਨਿਰਦੇਸ਼ ਪਹਿਲਾਂ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਤੋਂ ਆਇਆ ਕਰਦੇ ਸਨ। ਇਨ੍ਹਾਂ ਨਿਰਦੇਸ਼ਾਂ ਵਿੱਚ ਹਮਲੇ ਕਰਨਾ, ਪ੍ਰੋਪੇਗੰਡਾ ਅਤੇ ਪੈਸੇ ਜਮ੍ਹਾ ਕਰਨ ਜਿਹੇ ਕੰਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਈਰਾਨ ਅਤੇ ਅਲ-ਕਾਇਦਾ ਦੀ ਧੁਰੀ ਦੂਜੇ ਦੇਸ਼ਾਂ ਅਤੇ ਅਮਰੀਕਾ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਹੈ। ਪੌਂਪੀਓ ਨੇ ਕਿਹਾ ਕਿ ਅਮਰੀਕਾ ਅਲ-ਕਾਇਦਾ ਦੇ ਦੋ ਨੇਤਾਵਾਂ (ਮੁਹੰਮਦ ਅਬਾਟੇ ਉਰਫ਼ ਅਬਦੁਲ ਰਹਿਮਾਨ ਅਲ ਮਗਰੇਬੀ ਅਤੇ ਸੁਲਤਾਨ ਯੂਸੁਫ਼ ਹਸਨ ਅਲ ਆਰਿਫ਼) ਨੂੰ ਵਿਸ਼ੇਸ਼ ਗਲੋਬਲ ਕੱਟੜਪੰਥੀ ਐਲਾਨਣਾ ਚਾਹੁੰਦਾ ਹੈ। ਇਹ ਦੋਵੇਂ ਈਰਾਨ ਵਿੱਚ ਮੌਜੂਦ ਹਨ। 
ਉੱਧਰ ਈਰਾਨ ਨੇ ਅਮਰੀਕੀ ਵਿਦੇਸ਼ ਮੰਤਰੀ ਦੇ ਬਿਆਨ ’ਤੇ ਸਖ਼ਤ ਇਤਰਾਜ਼ ਜਤਾਇਆ ਹੈ। ਈਰਾਨੀ ਵਿਦੇਸ਼ ਮੰਤਰੀ ਜਵਾਦ ਜਰੀਫ਼ ਨੇ ਇਸ ਨੂੰ ਕੋਰਾ ਝੂਠ ਦੱਸਿਆ ਹੈ। ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਈਰਾਨ ਨੇ ਅਲ-ਕਾਇਦਾ ਵਿੱਚ ਦੂਜੇ ਨੰਬਰ ਦੇ ਨੇਤਾ ਅਬਦੁੱਲਾ ਅਹਿਮਦ ਅਬਦੁੱਲਾ ਉਰਫ਼ ਅਬੂ ਮੁਹੰਮਦ ਅਲ-ਮਸਰੀ ਬਾਰੇ ਇਸ ਰਿਪੋਰਟ ਦਾ ਖੰਡਨ ਕੀਤਾ ਸੀ।

 

ਹੋਰ ਖਬਰਾਂ »

ਹਮਦਰਦ ਟੀ.ਵੀ.