ਨਨਕਾਣਾ ਸਾਹਿਬ , 14 ਜਨਵਰੀ, ਹ.ਬ. : ਪਾਕਿਸਤਾਨ ਵਿਚ ਸਿੱਖ ਕੁੜੀਆਂ ਨੂੰ ਅਗਵਾ ਕਰਕੇ ਜ਼ਬਰਦਸਤੀ ਵਿਆਹ ਕਰਨ ਦੀਆਂ ਖ਼ਬਰਾਂ ਆਮ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਦੇ ਹੀ ਮਾਮਲੇ ਵਿਚ ਅਦਾਲਤ ਨੇ ਫ਼ੈਸਲਾ ਸੁਣਾਇਆ ਹੈ। ਪਾਕਿਸਤਾਨ ‘ਵਿਚ ਇਕ ਸਿੱਖ ਲੜਕੀ ਨੂੰ ਜ਼ਬਰਦਸਤੀ ਅਗਵਾ, ਧਰਮ ਪਰਿਵਰਤਨ ਅਤੇ ਨਿਕਾਹ ਕਰਨ ਦੇ ਮਾਮਲੇ ਵਿਚ ਅੱਠ ਵਿਚੋਂ ਤਿੰਨ ਮੁਲਜ਼ਮਾਂ ਨੂੰ ਸਜ਼ਾ ਦਿੱਤੀ ਗਈ ਹੈ। ਇਨ੍ਹਾਂ ਵਿਚੋਂ ਇਕ ਨੂੰ ਦੋ ਸਾਲ ਅਤੇ ਦੋ ਨੂੰ ਛੇ-ਛੇ ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕੋਰਟ ਨੇ ਇਨ੍ਹਾਂ ‘ਤੇ ਜੁਰਮਾਨਾ ਵੀ ਕੀਤਾ ਹੈ। ਕੋਰਟ ਨੇ ਹੋਰ ਪੰਜ ਮੁਲਜ਼ਮਾਂ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਰਿਹਾਅ ਕਰ ਦਿੱਤਾ ਹੈ। ਇਹ ਘਟਨਾ ਨਨਕਾਣਾ ਸਾਹਿਬ ‘ਵਿਚ 2019 ‘ਵਿਚ ਹੋਈ ਸੀ। ਇੱਥੇ ਜਗਜੀਤ ਕੌਰ ਆਪਣੇ ਘਰ ‘ਵਿਚ ਸੀ, ਉਦੋਂ ਮੁਹੰਮਦ ਅਹਿਸਾਨ ਅਤੇ ਉਸ ਦੇ ਪਰਿਵਾਰ ਨੇ ਉਸ ਨੂੰ ਅਗਵਾ ਕਰ ਲਿਆ ਸੀ। ਜਗਜੀਤ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਂਦੇ ਹੋਏ ਉਸ ਨਾਲ ਨਿਕਾਹ ਕਰ ਲਿਆ ਸੀ। ਘੱਟ ਗਿਣਤੀਆਂ ’ਤੇ ਅੱਤਿਆਚਾਰ ਦਾ ਇਹ ਮਾਮਲਾ ਕੌਮਾਂਤਰੀ ਪੱਧਰ ‘ਤੇ ਸੁਰਖੀਆਂ ਵਿਚ ਆਉਣ ਤੋਂ ਬਾਅਦ ਪਾਕਿਸਤਾਨ ਦੀ ਸਰਕਾਰ ਨੇ ਮਜਬੂਰੀ ਵਿਚ ਕਾਰਵਾਈ ਸ਼ੁਰੂ ਕੀਤੀ। ਇਸ ਮਾਮਲੇ ਵਿਚ ਸਿੱਖ ਭਾਈਚਾਰੇ ਦੇ ਪ੍ਰਦਰਸ਼ਨ ਵੀ ਹੋਏ। ਬਾਅਦ ‘ਵਿਚ ਪੁਲਿਸ ਨੇ ਮੁਕੱਦਮਾ ਦਰਜ ਕਰਦੇ ਹੋਏ ਅੱਠ ਲੋਕਾਂ ਦੀ ਗ੍ਰਿਫ਼ਤਾਰੀ ਕੀਤੀ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.