ਵਾਸ਼ਿੰਗਟਨ, 17 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਟਰੰਪ ਸਮਰਥਕਾਂ ਦੀ 17 ਜਨਵਰੀ ਨੂੰ ਹਥਿਅਰਬੰਦ ਅੰਦੋਲਨ ਦੀ ਧਮਕੀ ਅਤੇ ਵਾਸ਼ਿੰਗਟਨ ਡੀਸੀ ਵਿੱਚ ਮਾਰਚ ਕੱਢਣ ਦੀ ਧਮਕੀ ਦੇ ਵਿਚਕਾਰ ਅਮਰੀਕਾ ਦੇ ਸਾੇ 50 ਸੂਬਿਆਂ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।  ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਕੋਲੰਬੀਆ ਡੀਸੀ ਸਣੇ ਸਾਰੇ ਰਾਜਾਂ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। 6 ਜਨਵਰੀ ਨੂੰ ਹੋਏ ਦੰਗਿਆਂ ਦੇ ਮੱਦੇਨਜ਼ਰ ਦੇਸ਼ ਭਰ ਤੋਂ ਨੈਸ਼ਨਲ ਗਾਰਡਾਂ ਦੀਆਂ ਟੁਕੜੀਆਂ ਵਾਸ਼ਿੰਗਟਨ ਪਹੁੰਚ ਰਹੀਆਂ ਹਨ। 
ਕੋਲੰਬੀਆ ਡੀਸੀ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ 20 ਜਨਵਰੀ ਨੂੰ ਇੱਥੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਦਾ ਸਹੁੰ ਚੁੱਕ ਸਮਾਗਮ ਹੋਣਾ ਹੈ। ਅਮਰੀਕਾ ਦੀ ਸੁਰੱਖਿਆ ਏਜੰਸੀ ਐਫ਼ਬੀਆਈ ਨੇ ਸਾਰੇ 50 ਰਾਜਾਂ ਦੀਆਂ ਰਾਜਧਾਨੀਆਂ ਵਿੱਚ ਟਰੰਪ ਸਮਰਥਕਾਂ ਤੇ ਪ੍ਰਦਰਸ਼ਨਕਾਰੀਆਂ ਵੱਲੋਂ ਸੰਭਾਵਤ ਹਥਿਆਰਬੰਦ ਮਾਰਚ ਦੀ ਚੇਤਾਵਨੀ ਦਿੱਤੀ ਹੈ। ਅਹਿਤਿਆਤ ਦੇ ਤੌਰ ’ਤੇ ਡੀਸੀ ਵਿੱਚ ਨੈਸ਼ਨਲ ਮੌਲ ਬੰਦ ਕਰ ਦਿੱਤਾ ਗਿਆ ਹੈ। ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਕੈਪਿਟਲ ਬਿਲਡਿੰਗ ਦੇ ਨੇੜੇ-ਤੇੜੇ ਕੰਡਿਆਲੀ ਤਾਰ ਦੀ ਬਾੜ ਤੋਂ ਲੈ ਕੇ ਸਾਰੇ ਪ੍ਰਬੰਧ ਕੀਤੇ ਗਏ ਹਨ।  ਰਾਜਧਾਨੀ ਦੀਆਂ ਸੜਕਾਂ ’ਤੇ ਬੈਰੀਕੇਡ ਲਾਏ ਜਾ ਰਹੇ ਹਨ। ਉੱਧਰ ਬਾਇਡਨ ਦੀ ਟੀਮ ਨੇ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਕਾਰਨ ਨਾਗਰਿਕਾਂ ਨੂੰ ਰਾਜਧਾਨੀ ਦੀ ਯਾਤਰਾ ਨਾ ਕਰਨ ਦੀ ਬੇਨਤੀ ਕੀਤੀ ਹੈ। ਸਥਾਨਕ ਅਧਿਕਾਰੀਆਂ ਨੇ ਲੋਕਾਂ ਨੂੰ ਇਸ ਸਮਾਗਮ ਨੂੰ ਆਪਣੇ ਘਰਾਂ ’ਚੋਂ ਹੀ ਦੇਖਣ ਦੀ ਅਪੀਲ ਕੀਤੀ ਹੈ। 
ਦੱਸ ਦੇਈਏ ਕਿ ਸਭ ਤੋਂ ਪੁਰਾਣੇ ਲੋਕਤੰਤਰ ਕਹੇ ਜਾਣ ਵਾਲੇ ਅਮਰੀਕਾ ਵਿੱਚ ਸੱਤਾ ਲਈ ਪਹਿਲੀ ਵਾਰ ਅਜਿਹਾ ਕੁਝ ਹੋਇਆ, ਜਿਸ ਨੂੰ ਦੁਨੀਆ ਨੇ ਦੇਖਿਆ। ਬੀਤੀ 3 ਨਵੰਬਰ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਨਵੇਂ ਚੁਣੇ ਗਏ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਦੀ ਜਿੱਤ ’ਤੇ ਮੋਹਰ ਲਾਉਣ ਲਈ 6 ਜਨਵਰੀ ਨੂੰ  ਸੰਸਦ ਦਾ ਸਾਂਝਾ ਸੈਸ਼ਨ ਸੱਦਿਆ ਗਿਆ ਸੀ। ਇਸ ਬੈਠਕ ਵਿੱਚ ਬਾਇਡਨ ਦੀ ਜਿੱਤ ’ਤੇ ਮੋਹਰ ਲਾਉਣ ਦੀ ਰਸਮੀ ਕਾਰਵਾਈ ਪੂਰੀ ਕੀਤੀ ਗਈ। 
ਇਸ ਦੌਰਾਨ ਹਜ਼ਾਰਾਂ ਟਰੰਪ ਸਮਰਥਕਾਂ ਨੇ ਸੰਸਦ ’ਤੇ ਧਾਵਾ ਬੋਲ ਦਿੱਤਾ ਅਤੇ ਸੁਰੱਖਿਆ ਪ੍ਰਬੰਧ ਨੂੰ ਤੋੜ ਕੇ ਸੈਂਕੜੇ ਲੋਕ ਸੰਸਦ ਵਿੱਚ ਦਾਖ਼ਲ ਹੋ ਗਏ। ਤੋੜ-ਭੰਨ ਕੀਤੀ ਅਤੇ ਗੋਲੀਆਂ ਚਲਾਈਆਂ। ਇਸ ਦੌਰਾਨ ਸੰਸਦ ਵਿੱਚ ਭਗਦੜ ਮਚ ਗਈ ਅਤੇ ਸੰਸਦ ਮੈਂਬਰ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜੇ। ਪੁਲਿਸ ਨਾਲ ਹੋਈ ਝੜਪ ਵਿੱਚ 5 ਲੋਕਾਂ ਦੀ ਮੌਤ ਹੋ ਗਈ ਅਤੇ 14 ਪੁਲਿਸ ਅਧਿਕਾਰੀਆਂ ਸਣੇ ਦਰਜਨਾਂ ਲੋਕ ਜ਼ਖਮੀ ਹੋ ਗਏ। ਪੁਲਿਸ ਨੇ 52 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ।
+++++++++++++

 

ਹੋਰ ਖਬਰਾਂ »

ਅਮਰੀਕਾ

ਹਮਦਰਦ ਟੀ.ਵੀ.