ਰਾਜਸਥਾਨ ਦੇ ਜਾਲੌਰ ਜ਼ਿਲ੍ਹੇ ਵਿੱਚ ਵਾਪਰੀ ਘਟਨਾ

ਜਾਲੌਰ (ਰਾਜਸਥਾਨ), 17 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਰਾਜਸਥਾਨ ਦੇ ਜਾਲੌਰ ਜ਼ਿਲ੍ਹੇ ਵਿੱਚ ਇੱਕ ਬੱਸ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਗਈ, ਜਿਸ ਕਾਰਨ ਕਰੰਟ ਲੱਗਣ ਦੇ ਚਲਦਿਆਂ 6 ਵਿਅਕਤੀ ਜ਼ਿੰਦਾ ਝੁਲਸ ਗਏ ਤੇ 17 ਯਾਤਰੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਜਾਲੌਰ ਤੋਂ ਜੋਧਪੁਰ ਦੇ ਐਮਡੀਐਮ ਹਸਪਤਾਲ ਵਿੱਚ ਰੈਫ਼ਰ ਕੀਤਾ ਗਿਆ ਹੈ। ਇਹ ਘਟਨਾ ਜਾਲੌਰ ਦੇ ਪਿੰਡ ਮਹੇਸ਼ਪੁਰ ਵਿੱਚ ਵਾਪਰੀ। ਯਾਤਰੀਆਂ ਨਾਲ ਭਰੀਆਂ ਹੋਈਆਂ ਦੋ ਬੱਸਾਂ ਰਾਹ ਭਟਕ ਕੇ ਮਹੇਸ਼ਪੁਰ ਪਿੰਡ ਪਹੁੰਚ ਗਈਆਂ ਸਨ। ਉੱਥੇ ਰਾਹ ਵਿੱਚ ਬਿਜਲੀ ਦੀਆਂ ਤਾਰਾਂ ਜ਼ਿਆਦਾ ਥੱਲੇ ਲਟਕਦੀਆਂ ਹੋਣ ਕਾਰਨ ਡਰਾਈਵਰ ਨੇ ਬੱਸ ਰੋਕ ਦਿੱਤੀ। ਬੱਸ ਦਾ ਕੰਡਕਟਰ ਬੱਸ ਦੀ ਛੱਤ ’ਤੇ ਚੜ ਗਿਆ ਅਤੇ ਉਸ ਨੇ ਇੱਕ ਡੰਡੇ ਦੀ ਮਦਦ ਨਾਲ ਬਿਜਲੀ ਦੀਆਂ ਉਪਰ ਚੁੱਕਣ ਦਾ ਯਤਨ ਕੀਤਾ, ਪਰ ਇਸੇ ਦੌਰਾਨ ਡੰਡਾਂ ਤਾਰਾਂ ਨਾਲ ਜੁੜ ਕੇ ਬੱਸ ਦੀ ਛੱਤ ਨਾਲ ਟਚ ਹੋ ਗਿਆ, ਜਿਸ ਕਾਰਨ ਬੱਸ ਵਿੱਚ ਕਰੰਟ ਆ ਗਿਆ। ਇਸ ਤੋਂ ਬਾਅਦ ਬੱਸ ਵਿੱਚ ਸਵਾਰ ਲੋਕ ਕਰੰਟ ਦੀ ਲਪੇਟ ਵਿੱਚ ਆ ਗਏ, ਦੇਖਦੇ ਹੀ ਦੇਖਦੇ ਬੱਸ ਵਿੱਚ ਅੱਗ ਲੱਗ ਗਈ। ਇਸ ਦੌਰਾਨ 6 ਲੋਕਾਂ ਦੀ ਮੌਤ ਹੋ ਗਈ, ਜਦਕਿ ਵੱਡੀ ਗਿਣਤੀ ਵਿੱਚ ਲੋਕ ਜ਼ਖਮੀ ਹੋ ਗਏ। 
ਮ੍ਰਿਤਕਾਂ ਦੀ ਪਛਾਣ ਬਿਆਵਰ ਦੀ ਵਾਸੀ 44 ਸਾਲਾ ਸੋਨਲ, 25 ਸਾਲਾ ਸੁਰਭੀ, 65 ਸਾਲਾ ਚਾਂਦ ਦੇਵੀ, ਅਜਮੇਰ ਵਾਸੀ ਰਾਜਿੰਦਰ ਅਤੇ ਡਾਇਰਵਰ ਧਰਮਚੰਦ ਜੈਨ ਵਜੋਂ ਹੋਈ। ਜਦਕਿ ਇੱਕ ਮ੍ਰਿਤਕ ਦੀ ਅਜੇ ਪਛਾਣ ਨਹੀਂ ਹੋ ਸਕੀ। 
ਦੋ ਬੱਸਾਂ ਵਿੱਚ ਸਵਾਰ ਇਹ ਸਾਰੇ ਲੋਕ ਅਜਮੇਰ ਅਤੇ ਬਿਆਵਰ ਖੇਤਰ ਦੇ ਵਾਸੀ ਦੱਸੇ ਜਾ ਰਹੇ ਹਨ ਅਤੇ ਇਹ ਸਾਰੇ ਜੈਨ ਭਾਈਚਾਰੇ ਨਾਲ ਸਬੰਧਤ ਹਨ, ਜੋ ਕਿ ਤੀਰਥ ਸਥਾਨਾਂ ਦੀ ਯਾਤਰਾ ’ਤੇ ਜਾ ਰਹੇ ਸਨ। ਇਹ ਬਾੜਮੇਰ ਦੇ ਨਾਕੋੜਾ ’ਚ ਦਰਸ਼ਨ ਕਰਨ ਬਾਅਦ ਜਾਲੌਰ ਦੇ ਮਾਂਡੋਲੀ ਵਿੱਚ ਜੈਨ ਮੰਦਿਰ ’ਚ ਦਰਸ਼ਨ ਕਰਨ ਪਹੁੰਚੇ ਸਨ, ਪਰ ਇੱਥੋਂ ਬਿਆਵਰ ਜਾਂਦੇ ਸਮੇਂ ਰਾਹ ਭਟਕ ਕੇ ਮਹੇਸ਼ਪੁਰ ਪਿੰਡ ਪਹੁੰਚ ਗਏ, ਜਿੱਥੇ ਇਹ ਹਾਦਸਾ ਵਾਪਰ ਗਿਆ।

 

ਹੋਰ ਖਬਰਾਂ »

ਹਮਦਰਦ ਟੀ.ਵੀ.