ਅਮਰੀਕਾ ਦੇ ਵੱਡੇ ਕਾਰੋਬਾਰੀ ਦਰਸ਼ਨ ਸਿੰਘ ਧਾਲੀਵਾਲ ਤੋਂ ਦਿੱਲੀ ਏਅਰਪੋਰਟ ’ਤੇ ਢਾਈ ਘੰਟੇ ਪੁੱਛਗਿੱਛ

ਨਵੀਂ ਦਿੱਲੀ,  (ਹਮਦਰਦ ਨਿਊਜ਼ ਸਰਵਿਸ) : ਭਾਰਤ ਦੀਆਂ ਏਜੰਸੀਆਂ ਨੇ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਵਾਲਿਆਂ ’ਤੇ ਸ਼ਿਕੰਜਾ ਕੱਸ ਦਿੱਤਾ ਹੈ। ਪਟਿਆਲਾ ਨਾਲ ਸਬੰਧਤ ਐਨਆਰਆਈ ਦਰਸ਼ਨ ਸਿੰਘ ਧਾਲੀਵਾਲ ਤੋਂ ਦਿੱਲੀ ਏਅਰਪੋਰਟ ’ਤੇ ਢਾਈ ਘੰਟੇ ਪੁੱਛਗਿੱਛ ਕੀਤੀ ਗਈ। ਧਾਲੀਵਾਲ ਨੇ ਕਿਸਾਨ ਅੰਦੋਲਨ ਲਈ ਰਾਸ਼ਨ ਦੇ 100 ਤੋਂ ਜ਼ਿਆਦਾ ਟਰੱਕ ਭੇਜੇ ਸੀ ਤੇ ਸਿੰਘੂ ਬਾਰਡਰ ’ਤੇ ਲਗਭਗ 5 ਹਜ਼ਾਰ ਕਿਸਾਨਾਂ ਦੇ ਰਹਿਣ ਲਈ ਵਾਟਰ ਪਰੂਫ ਰਹਿਣ ਬਸੇਰੇ ਬਣਵਾਏ ਸਨ। ਅਮਰੀਕਾ ਦੇ ਵੱਡੇ ਕਾਰੋਬਾਰੀ ਦਰਸ਼ਨ ਸਿੰਘ ਧਾਲੀਵਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਰੱਖੜਾ ਦੇ ਵੱਡੇ ਭਰਾ ਹਨ।ਉਧਰ ਸ਼੍ਰੋਮਣੀ ਅਕਾਲੀ ਦਲ ਨੇ ਇਸ ਦਾ ਸਖਤ ਨੋਟਿਸ ਲਿਆ ਹੈ। ਧਾਲੀਵਾਲ ਦੇ ਭਰਾ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਦੱਸਿਆ ਕਿ ਕਈ ਦਿਨਾਂ ਤੱਕ ਦਿੱਲੀ ਅੰਦੋਲਨ ਵਿੱਚ ਹਿੱਸਾ ਲੈਣ ਤੋਂ ਬਾਅਦ ਉਨ੍ਹਾਂ ਦੇ ਭਰਾ ਦਰਸ਼ਨ ਸਿੰਘ ਧਾਲੀਵਾਲ ਕੱਲ੍ਹ ਅਮਰੀਕਾ ਰਵਾਨਾ ਹੋਏ। ਉਨ੍ਹਾਂ 20 ਜਨਵਰੀ ਨੂੰ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣਾ ਸੀ। ਦਿੱਲੀ ਏਅਰਪੋਰਟ ’ਤੇ ਕੇਂਦਰੀ ਜਾਂਚ ਏਜੰਸੀਆਂ ਨੇ ਉਨ੍ਹਾਂ ਨੂੰ ਰੋਕ ਲਿਆ ਤੇ ਗੈਰ ਜ਼ਰੂਰੀ ਪੁੱਛਗਿੱਛ ਕੀਤੀ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜਦੋਂ ਉਹ ਅਮਰੀਕਾ ਤੋਂ ਭਾਰਤ ਆਏ ਤਾਂ ਉਹ ਆਪਣੇ ਨਾਲ ਕਿੰਨੀ ਰਕਮ ਲੈ ਕੇ ਆਏ ਸਨ। ਉਨ੍ਹਾਂ ਨੇ ਭਾਰਤ ਰਹਿੰਦੇ ਹੋਏ ਕਿੰਨੇ ਪੈਸੇ ਖਰਚ ਕੀਤੇ? ਇਹ ਪੈਸਾ ਕਿੱਥੇ ਤੇ ਕਿਉਂ ਖਰਚਿਆ ਗਿਆ? ਸੁਰਜੀਤ ਰੱਖੜਾ ਨੇ ਕਿਹਾ ਕਿ ਉਨ੍ਹਾਂ ਦੇ ਭਰਾ ਦਰਸ਼ਨ ਸਿੰਘ ਧਾਲੀਵਾਲ ਨੇ ਜਾਂਚ ਏਜੰਸੀਆਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਪੈਸਾ ਉਨ੍ਹਾਂ ਦੀ ਮਿਹਨਤ ਨਾਲ ਕਮਾਏ ਪੈਸੇ ਵਿੱਚੋਂ ਹੈ ਤੇ ਉਨ੍ਹਾਂ ਸਾਰਾ ਲੇਖਾ ਜੋਖਾ ਏਜੰਸੀਆਂ ਨੂੰ ਦੇ ਦਿੱਤਾ ਹੈ। ਇਹ ਸਾਰੀ ਪੁੱਛਗਿੱਛ ਕਿਸਾਨ ਅੰਦੋਲਨ ਵਿੱਚ ਸਹਾਇਤਾ ਲਈ ਕੀਤੀ ਗਈ ਸੀ। ਰੱਖੜਾ ਨੇ ਕਿਹਾ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਪ੍ਰਵਾਸੀ ਭਾਰਤੀਆਂ ਨੂੰ ਤੰਗ-ਪ੍ਰੇਸ਼ਾਨ ਕਰ ਰਹੀ ਹੈ ਜਿਨ੍ਹਾਂ ਨੇ ਕਿਸਾਨ ਅੰਦੋਲਨ ਦੀ ਸਹਾਇਤਾ ਕੀਤੀ। ਸੁਰਜੀਤ ਸਿੰਘ ਰੱਖੜਾ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਦਰਸ਼ਨ ਸਿੰਘ ਧਾਲੀਵਾਲ ਨੇ ਉਨ੍ਹਾਂ ਨੂੰ ਫੋਨ ’ਤੇ ਕੀਤੀ ਗੱਲਬਾਤ ਵਿੱਚ ਦੱਸਿਆ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਜਲਦੀ ਹੀ ਭਾਰਤ ਵਾਪਸ ਆ ਜਾਣਗੇ। ਉਹ ਦਿੱਲੀ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣਗੇ। ਰੱਖੜਾ ਨੇ ਕਿਹਾ ਕਿ ਰੱਖੜਾ ਪਰਿਵਾਰ ਕੇਂਦਰ ਸਰਕਾਰ ਦੀ ਅਜਿਹੀ ਕਾਰਵਾਈ ਤੋਂ ਨਹੀਂ ਡਰਦਾ। ਜਦੋਂ ਤੱਕ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ, ਉਨ੍ਹਾਂ ਦਾ ਪਰਿਵਾਰ ਅੰਦੋਲਨ ਵਿੱਚ ਕਿਸਾਨਾਂ ਦੀ ਸਹਾਇਤਾ ਕਰਦਾ ਰਹੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.