ਗਿਟਾਰਵਾਦਕ ਨੇ ਕੀਤਾ ਆਤਮਸਮਰਪਣ

ਟੈਕਸਾਸ, 19 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਐਫਬੀਆਈ ਨੇ ਅਮਰੀਕਾ ਦੇ ਸੰਸਦ ਭਵਨ ਕੈਪਿਟਲ ਹਿਲ ’ਤੇ ਹੋਏ ਹਮਲੇ ਦੇ ਮਾਮਲੇ ਵਿੱਚ ਟੈਕਸਾਸ ਦੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੰਸਦ ਭਵਨ ’ਤੇ ਹਮਲਾ ਕਰਨ ਵਾਲੀ ਭੀੜ ਵਿੱਚ ਜਿਨ੍ਹਾਂ ਲੋਕਾਂ ਦੀਆਂ ਤਸਵੀਰਾਂ ਦੇ ਪੋਸਟਰ ਐਫਬੀਆਈ ਨੇ ਜਾਰੀ ਕੀਤੇ ਸਨ, ਉਨ੍ਹਾਂ ਵਿੱਚ ਨਜ਼ਰ ਆਏ ਗਿਟਾਰਵਾਦਕ ਨੇ ਆਤਮਸਮਰਪਣ ਕਰ ਦਿੱਤਾ ਹੈ। ਐਫਬੀਆਈ ਦੀ ਇੱਕ ਮਹਿਲਾ ਬੁਲਾਰੀ ਨੇ ਦੱਸਿਆ ਕਿ ਗਾਏ ਰੈਫਿਟ (48 ਸਾਲ) ਨੂੰ ਸ਼ੁੱਕਰਵਾਰ ਨੂੰ ਵਿਲੀ ਸਥਿਤ ਉਸ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਮੈਥਿਊ ਕਾਰਲ ਮਜੋਕੋ (37 ਸਾਲ) ਦੀ ਸੈਂਨ ਐਂਟੋਨਿਓ ਤੋਂ ਗ੍ਰਿਫ਼ਤਾਰੀ ਹੋਈ।
ਹਲਫ਼ਨਾਮੇ ਦੇ ਅਨੁਸਾਰ ਰੈਫਿਟ 6 ਜਨਵਰੀ ਦੀ ਵਾਰਦਾਤ ਦੇ ਇੱਕ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ। ਰੈਫਿਟ ’ਤੇ ਨਿਆ ਵਿੱਚ ਅੜਿੱਕਾ ਪਾਉਣ ਅਤੇ ਗ਼ੈਰ-ਕਾਨੂੰਨੀ ਢੰਗ ਨਾਲ ਸੰਸਦ ਵਿੱਚ ਦਾਖ਼ਲ ਹੋਣ ਦਾ ਦੋਸ਼ ਲਾਇਆ ਗਿਆ ਹੈ। 
ਮਹਿਲਾ ਬੁਲਾਰੀ ਨੇ ਦੱਸਿਆ ਕਿ ਮੈਥਿਊ ’ਤੇ ਕੈਪਿਟਲ ਹਿਲ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਅਤੇ ਵਿਦਰੋਹ ਕਰਨ ਦੇ ਦੋਸ਼ ਲਾਏ ਗਏ ਹਨ। ਇਸ ਤੋਂ ਇਲਾਵਾ ਕੈਪਿਟਲ ਵਿੱਚ ਜਬਰੀ ਦਾਖ਼ਲ ਹੋਣ ਵਾਲੀ ਭੀੜ ਨਾਲ ਨਜ਼ਰ ਆਏ ਗਿਟਾਰਵਾਦਕ ਜੌਨ ਰੇਆਰ ਸ਼ੇਫਰ ਨੇ ਆਤਮਸਮਰਪਣ ਕਰ ਦਿੱਤਾ ਹੈ, ਜਿਸ ’ਤੇ ਦੋਸ਼ ਹੈ ਕਿ ਉਸ ਨੇ ਪੁਲਿਸ ’ਤੇ ਮਿਰਚਾਂ ਦੀ ਸਪਰੇਅ ਕੀਤੀ ਸੀ। ਐਫ਼ਬੀਆਈ ਦੇ ਇੰਡੀਆਨਾਪੋਲਿਸ ਦਫ਼ਤਰ ਦੀ ਮਹਿਲਾ ਬੁਲਾਰੀ ਕ੍ਰਿਸ ਬੇਵੇਂਡਰ ਨੇ ਦੱਸਿਆ ਕਿ ਐਫਬੀਆਈ ਨੇ ਇੱਕ ਪੋਸਟਰ ਜਾਰੀ ਕੀਤਾ ਸੀ, ਜਿਸ ਵਿੱਚ ਸੰਸਦ ਵਿੱਚ ਦੰਗਾ ਕਰਨ ਵਾਲਿਆਂ ਦੀਆਂ ਤਸਵੀਰਾਂ ਸਨ ਅਤੇ ਲੋਕਾਂ ਕੋਲੋਂ ਉਨ੍ਹਾਂ ਦੀ ਪਛਾਣ ਕਰਨ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਗਈ ਸੀ। ਜੌਨ ਰੇਆਰ ਸ਼ੇਫਰ ਇਸ ਪੋਸਟਰ ’ਚ ਸੀ ਅਤੇ ਉਸ ਨੇ ਆਤਮਸਮਰਪਣ ਕਰ ਦਿੱਤਾ। ਉਸ ’ਤੇ ਕਈ ਦੋਸ਼ ਦਰਜ ਕੀਤੇ ਗਏ ਹਨ।  ਦੱਸ ਦੇਈਏ ਕਿ ਡੋਨਾਲਡ ਟਰੰਪ ਨੇ ਹੁਣ ਤੱਕ ਆਪਣੀ ਹਾਰ ਸਵੀਕਾਰ ਨਹੀਂ ਕੀਤੀ ਹੈ ਅਤੇ ਉਹ 3 ਨਵੰਬਰ ਨੂੰ ਹੋਈਆਂ ਚੋਣਾਂ ਵਿੱਚ ਧੋਖਾਧੜੀ ਦੇ ਬੇਬੁਨਿਆਦ ਦਾਅਵੇ ਲਗਾਤਾਰ ਕਰਦੇ ਰਹੇ ਹਨ। ਉਨ੍ਹਾਂ ਦੇ ਇਨ੍ਹਾਂ ਦਾਅਵਿਆਂ ਦੇ ਚਲਦਿਆਂ ਹੀ ਅਮਰੀਕੀ ਸੰਸਦ ਭਵਨ ‘ਕੈਪਿਟਲ ਬਿਲਡਿੰਗ’ ਵਿੱਚ ਟਰੰਪ ਦੇ ਸਮਰਥਕਾਂ ਨੇ ਧਾਵਾ ਬੋਲ ਦਿੱਤਾ ਸੀ ਅਤੇ ਹਿੰਸਾ ਕੀਤੀ ਸੀ, ਜਿਸ ਵਿੱਚ ਕੈਪਿਟਲ ਪੁਲਿਸ ਦੇ ਇੱਕ ਅਧਿਕਾਰੀ ਸਣੇ ਪੰਜ ਲੋਕਾਂ ਦੀ ਮੌਤ ਹੋ ਗਈ ਸੀ। 

ਹੋਰ ਖਬਰਾਂ »

ਅਮਰੀਕਾ

ਹਮਦਰਦ ਟੀ.ਵੀ.