ਠੰਢ ’ਚ ਲੋਕਾਂ ਨੂੰ ਚਮੜੀ ਦੇ ਰੁੱਖੇਪਣ ਦੀ ਸ਼ਿਕਾਇਤ ਹੁੰਦੀ ਹੈ ਤੇ ਇਸ ਤੋਂ ਬਚਣ ਲਈ ਲੋਕ ਮਹਿੰਗੀ ਤੋਂ ਮਹਿੰਗੀ ਕ੍ਰੀਮ ਦਾ ਇਸਤੇਮਾਲ ਕਰਦੇ ਹਨ। ਕੁਝ ਲੋਕ ਠੰਢ ’ਚ ਮਾਇਸਚਰਾਈਜ਼ਰ ਦੀ ਵਰਤੋਂ ਕਰਨ ਤੋਂ ਵੀ ਨਹੀਂ ਝਿਜਕਦੇ। ਪਰ ਸ਼ਾਇਦ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਨਾ ਹੋਵੇ ਕਿ ਬਾਜ਼ਾਰ ’ਚ ਵਿਕਣ ਵਾਲੀ ਸਿਰਫ਼ 5 ਰੁਪਏ ਦੀ ਪੈਟਰੋਲੀਅਮ ਜੈਲੀ ਇਨ੍ਹਾਂ ਸਰਦੀਆਂ ’ਚ ਤੁਹਾਡੀ ਸਕਿੱਨ ਲਈ ਕਿੰਨੀ ਫਾਇਦੇਮੰਦ ਹੈ। 5 ਰੁਪਏ ਦੀ ਇਹ ਜੈਲੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਲਈ ਕਾਫ਼ੀ ਫ਼ਾਇਦੇਮੰਦ ਹੈ। ਜੇਕਰ ਤੁਸੀਂ ਸੋਚ ਰਹੇ ਹੋ ਕਿ ਅਜਿਹਾ ਕਿਵੇਂ ਹੋ ਸਕਦਾ ਹੈ ਤਾਂ ਅਸੀਂ ਤੁਹਾਨੂੰ ਪੈਟਰੋਲੀਅਮ ਜੈਲੀ ਦੇ 5 ਅਦਭੁਤ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਹਾਲਾਂਕਿ ਇਸ ਨੂੰ ਲਗਾਉਂਦੇ ਸਮੇਂ ਲੋਕਾਂ ਨੂੰ ਕੁਝ ਗੱਲਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।
ਪੈਟਰੋਲੀਅਮ ਜੈਲੀ ਕਰੀਬ 150 ਸਾਲਾਂ ਤੋਂ ਬਾਜ਼ਾਰ ’ਚ ਹੈ ਤੇ ਫÇਇਹ ਚਮੜੀ ਰੋਗਾਂ ਦੇ ਮਾਹਿਰਾਂ ਦੀ ਪਸੰਦ ਬਣੀ ਹੋਈ ਹੈ। ਅਜਿਹਾ ਇਸ ਲਈ ਹੈ ਕਿਉਂਕਿ ਜੈਲੀ ਤੁਹਾਡੀ ਚਮੜੀ ਅੰਦਰ ਪਾਣੀ ਨੂੰ ਸੀਲ ਕਰ ਦਿੰਦੀ ਹੈ। ਇਹ ਤੁਹਾਡੇ ਜ਼ਖ਼ਮਾਂ ਲਈ ਵੀ ਚੰਗੀ ਹੈ ਕਿਉਂਕਿ ਉਨ੍ਹਾਂ ਨੂੰ ਭਰਨ ਲਈ ਜਗ੍ਹਾ ’ਤੇ ਨਮੀ ਦੀ ਜ਼ਰੂਰਤ ਹੁੰਦੀ ਹੈ। ਰੁੱਖੀ ਚਮੜੀ ਨੂੰ ਬਿਹਤਰ ਬਣਾਉਣ ਲਈ ਦੁੱਗਣਾ ਸਮਾਂ ਲਗਦਾ ਹੈ ਜਦਕਿ ਜ਼ਖ਼ਮ ਵਾਲੀ ਜਗ੍ਹਾ ਨਮੀ ਉਸ ਨੂੰ ਭਰਨ ’ਚ ਮਦਦ ਕਰਦੀ ਹੈ। ਇਹ ਮਾਇਸਚਰਾਈਜ਼ਰ ਨਿਸ਼ਾਨ ਦੀ ਲਾਲਗੀ ਖ਼ਤਮ ਕਰਨ ’ਚ ਮਦਦ ਕਰਦਾ ਹੈ ਤੇ ਸੰਕ੍ਰਮਣ ਦੀ ਸੰਭਾਵਨਾ ਘਟਾਉਂਦਾ ਹੈ। ਜੇਕਰ ਤੁਸੀਂ ਇਸ ਨੂੰ ਜ਼ਖਮ ’ਤੇ ਲਾਓਗੇ ਤਾਂ ਜਲਨ ਵੀ ਨਹੀਂ ਹੋਵੇਗੀ। ਕੁਝ ਹਾਲਾਤ ’ਚ ਤੁਹਾਡੀ ਚਮੜੀ ਨੂੰ ਨਮੀ ਬਰਕਰਾਰ ਰੱਖਣ ਤੇ ਗੰਦਗੀ ਬਾਹਰ ਕੱਢਣ ’ਚ ਕੜੀ ਮੁਸ਼ੱਕਤ ਕਰਨੀ ਪੈਂਦੀ ਹੈ। ਜੇਕਰ ਚਮੜੀ ਬਹੁਤ ਰੁੱਖੀ ਹੋ ਜਾਂਦੀ ਹੈ ਤਾਂ ਇਹ ਫਟਣ ਲੱਗਦੀ ਹੈ ਤੇ ਬੈਕਟੀਰੀਆ ਚਮੜੀ ਅੰਦਰ ਚਲੇ ਜਾਂਦੇ ਹਨ। ਪੈਟਰੋਲੀਅਮ ਜੈਲੀ ਤੁਹਾਡੀ ਚਮੜੀ ਦੀ ਮਦਦ ਕਰਦੀ ਹੈ ਤੇ ਦਵਾਈ ਆਪਣਾ ਕੰਮ ਸਹੀ ਤਰੀਕੇ ਨਾਲ ਕਰ ਪਾਉਂਦੀ ਹੈ। ਇਹ ਚਮੜੀ ’ਚ ਹੋਣ ਵਾਲੀ ਜਲਨ ਤੇ ਐਗਜ਼ੀਮਾ ਵਰਗੀ ਸਮੱਸਿਆ ਦੂਰ ਕਰਦੀ ਹੈ ਤੇ ਨਮੀ ਬਰਕਰਾਰ ਰੱਖਦੀ ਹੈ। ਇਹ ਤੁਹਾਨੂੰ ਖਾਰਸ਼ ਤੋਂ ਰਾਹਤ ਦਿਵਾਉਣ ਦਾ ਕੰਮ ਕਰਦੀ ਹੈ। ਪੈਟਰੋਲੀਅਮ ਜੈਲੀ ਨਵਜਾਤਾ ਤੇ ਬੱਚਿਆਂ ਦੀ ਚਮੜੀ ਨੂੰ ਖਾਰਸ਼ ਤੋਂ ਰਾਹਤ ਪ੍ਰਦਾਨ ਕਰਦੀ ਹੈ। ਜੇਕਰ ਤੁਹਾਡੇ ਪਰਿਵਾਰ ’ਚ ਐਗਜ਼ੀਮਾ ਦੀ ਸਮੱਸਿਆ ਹੈ ਤਾਂ ਪੈਟਰੋਲੀਅਮ ਜੈਲੀ ਤੁਹਾਡੇ ਬੱਚਿਆਂ ਨੂੰ ਇਸ ਤੋਂ ਦੂਰ ਰੱਖਣ ਦਾ ਸਭ ਤੋਂ ਸਸਤਾ ਤਰੀਕਾ ਹੈ। ਤੁਸੀਂ ਜਨਮ ਦੇ ਤਿੰਨ ਮਹੀਨੇ ਬਾਅਦ ਨਵਜਾਤ ਦੀ ਚਮੜੀ ’ਤੇ ਪੈਟਰੋਲੀਅਮ ਜੈਲੀ ਦੀ ਵਰਤੋਂ ਸ਼ੁਰੂ ਕਰ ਸਕਦੇ ਹੋ।
ਪੈਟਰੋਲੀਅਮ ਜੈਲੀ ਬਾਹਰੀ ਚੀਜ਼ਾਂ ਤੋਂ ਤੁਹਾਡੀ ਚਮੜੀ ਦੀ ਸੁਰੱਖਿਆ ਕਰਦੀ ਹੈ। ਇਸ ਵਿਚ ਤੁਹਾਡੇ ਬੱਚੇ ਦਾ ਪਿਸ਼ਾਬ ਤੇ ਮਲ ਵੀ ਸ਼ਾਮਲ ਹੈ। ਜੇਕਰ ਡਾਈਪਰ ਨਾਲ ਤੁਹਾਡੇ ਬੇਬੀ ਦੇ ਰੈਸ਼ੇਜ਼ ਹੋ ਗਏ ਹਨ ਤਾਂ ਤੁਸੀਂ ਡਾਈਪਰ ਬਦਲਦੇ ਸਮੇਂ ਇਸ ਦੀ ਵਰਤੋਂ ਕਰ ਸਕਦੇ ਹੋ। ਚਮੜੀ ਰੋਗਾਂ ਦੇ ਮਾਹਿਰ ਇਸ ਲਈ ਜੈਲੀ ਪਸੰਦ ਕਰਦੇ ਹਨ ਕਿਉਂਕਿ ਇਸ ਵਿਚ ਨਾ ਤਾਂ ਗੰਧ ਹੁੰਦੀ ਹੈ ਤੇ ਨਾ ਹੀ ਪ੍ਰੀਜਰਵੇਟਿਵ। ਇਹ ਬੱਚਿਆਂ ਦੀ ਚਮੜੀ ਤੇ ਮਾਤਾ-ਪਿਤਾ ਦੇ ਹੱਥਾਂ ਲਈ ਵੀ ਚੰਗੀ ਹੈ। ਇਸ ਗੱਲ ਦੇ ਵੀ ਪੁਖ਼ਤਾ ਪ੍ਰਮਾਣ ਨਹੀਂ ਹਨ ਕਿ ਮਹਿੰਗੇ ਤੋਂ ਮਹਿੰਗੇ ਡਾਈਪਰ ਰੈਸ਼ੇਜ਼ ਕ੍ਰੀਮ ਪੈਟਰੋਲੀਅਮ ਜੈਲੀ ਤੋਂ ਬਿਹਤਰ ਕੰਮ ਕਰਦੀ ਹੈ ਪਰ ਜੇਕਰ ਤੁਸੀਂ ਖ਼ੁਸ਼ਬੂ ਤੇ ਨਰਮਾਹਟ ਲਈ ਕ੍ਰੀਮ ਦੀ ਵਰਤੋਂ ਕਰਨੀ ਚਾਹੁੰਦੇ ਹੋ ਤਾਂ ਕਰ ਸਕਦੇ ਹੋ। ਪੈਟਰੋਲੀਅਮ ਜੈਲੀ ਤੁਹਾਡੀ ਚਮੜੀ ਨੂੰ ਠੰਢ ਤੋਂ ਬਚਾਉਂਦੀ ਹੈ। ਹਵਾ ਦੇ ਸੰਪਰਕ ’ਚ ਆਉਣ ਵਾਲੇ ਹਿੱਸੇ ’ਤੇ ਜੈਲੀ ਦੀ ਇਕ ਮੋਟੀ ਪਰਤ ਚੜ੍ਹਾ ਲਓ। ਤੁਸੀਂ ਚਾਹੋ ਤਾਂ ਜ਼ੁਕਾਮ ਹੋਣ ’ਤੇ ਚਮੜੀ ਨੂੰ ਰੁੱਖੀ ਪੈਣ ਤੋਂ ਬਚਾਉਣ ਲਈ ਹਲਕੀ ਜਿਹੀ ਜੈਲੀ ਨੱਕ ਹੇਠਾਂ ਲਗਾ ਸਕਦੇ ਹੋ। ਪਰ ਜਿੱਥੇ ਤੁਹਾਨੂੰ ਕਿੱਲ-ਮੁਹਾਸੇ ਆਉਂਦੇ ਹੋਣ ਉੱਥੇ ਲਾਉਣ ਦੀ ਕੋਸ਼ਿਸ਼ ਨਾ ਕਰਿਓ। ਪੈਟਰੋਲੀਅਮ ਜੈਲੀ ਤੁਹਾਡੀ ਚਮੜੀ ’ਚ ਆਇਲ ਤੇ ਬੈਕਟੀਰੀਆ ਨੂੰ ਰੋਕ ਸਕਦੀ ਹੈ ਜਿਸ ਨਾਲ ਮੁਹਾਸੇ ਵਿਗੜ ਸਕਦੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.