ਹੁਸ਼ਿਆਰਪੁਰ, 22 ਜਨਵਰੀ, ਹ.ਬ. : ਪੰਜਾਬ ਦੇ ਹੁਸ਼ਿਆਰਪੁਰ ਵਿਚ ਤਲਵਾੜਾ-ਮੁਕੇਰੀਆਂ ਰੋਡ ’ਤੇ ਸਥਿਤ ਅੱਡਾ ਬੈਰੀਅਰ ਦੇ ਕੋਲ ਅੱਜ ਸਵੇਰੇ ਸੜਕ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ। ਹਾਦਸਾ ਬਸ ਅਤੇ ਕਾਰ ਦੀ ਟੱਕਰ ਕਾਰਨ ਹੋਇਆ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਸਵਾਰ ਚਾਰੇ ਲੋਕਾਂ ਦੀ ਮੌਤ ਹੋ ਗਈ। ਹਾਦਸੇ ਦਾ ਪਤਾ ਚਲਦੇ ਹੀ ਮੌਕੇ ’ਤੇ ਪੁਲਿਸ ਪਹੁੰਚ ਗਈ। ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਭੇਜ ਦਿੱਤਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉਡ ਗਏ। ਲਾਸ਼ਾਂ ਨੂੰ ਕਾਰ ਨੂੰ ਕੱਟ ਕੇ ਕਾਫੀ ਮੁਸ਼ਕਲ ਨਾਲ ਕੱਢਿਆ। ਤਲਵਾੜਾ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤਲਵਾੜਾ ਦੇ ਸਰਹੱਦੀ ਪਿੰਡ ਰੌਲੀ ਦੇ ਰਹਿਣ ਵਾਲੇ ਸਰਵਜੀਤ ਸਿੰਘ ਅਪਣੇ ਦੋਸਤਾਂ ਸੁਸ਼ੀਲ ਕੁਮਾਰ, ਕੁਲਦੀਪ ਕੁਮਾਰ ਨਿਵਾਸੀ ਜਲੰਧਰ ਅਤੇ ਸੁਸ਼ੀਲ ਦੇ ਸਾਢੇ ਤਿੰਨ ਸਾਲ ਦੇ ਭਾਣਜੇ ਆਰਿਅਨ ਦੇ ਨਾਲ ਤਲਵਾੜਾ ਵਿਚ ਏਟੀਐਮ ਤੋਂ ਪੈਸੇ ਕਢਾਉਣ ਆ ਰਿਹਾ ਸੀ। ਤਲਵਾੜਾ ਬੈਰੀਅਰ ਕੋਲ ਪੁੱਜਣ ’ਤੇ ਸਰਵਜੀਤ ਸਿੰਘ ਕਿਸੇ ਗੱਡੀ ਨੂੰ ਓਵਰਟੇਕ ਕਰਨ ਲੱਗਾ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਕਰਤਾਰ ਬਸ ਕੰਪਨੀ ਦੀ ਬਸ ਨਾਲ ਟੱਕਰ ਹੋ ਗਈ। ਹਾਦਸੇ ਵਚ ਕਾਰ ਸਵਾਰ ਚਾਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਨ ਤੋਂ ਬਾਅਦ ਆਸ ਪਾਸ ਲੋਕ ਮੌਕੇ ’ਤੇ ਪਹੁੰਚੇ। ਕਾਰ ਤੋਂ ਬਾਹਰ ਕੱੱਢਣ ਤੋਂ ਪਹਿਲਾਂ ਹੀ ਚਾਰਾਂ ਦੀ ਮੌਤ ਹੋ ਚੁੱਕੀ ਸੀ।
ਸਰਵਜੀਤ ਅਤੇ ਕੁਲਦੀਪ ਸਿੰਘ ਉਤਰ ਪ੍ਰਦੇਸ਼ ਵਿਚ ਕਰੇਨ ਅਪਰੇਟਰ ਦਾ ਕੰਮ ਕਰਦੇ ਸੀ। ਦੋਵੇਂ ਇਨ੍ਹਾਂ ਦਿਨਾਂ ਛੁੱਟੀ ’ਤੇ ਆਏ ਸੀ। ਕੁਲਦੀਪ ਸਿੰਘ ਜਲੰਧਰ ਦਾ ਰਹਿਣ ਵਾਲਾ ਸੀ। ਉਹ ਸਰਵਜੀਤ ਸਿੰਘ ਦੇ ਘਰ ਰੌਲੀ ਵਿਚ ਉਸ ਨੂੰ ਮਿਲਣ ਆਏ ਹੋਏ ਸੀ।
ਸੁਸ਼ੀਲ ਕੁਮਾਰ ਦੇ ਭਾਣਜੇ ਆਰਿਅਨ ਨੂੰ ਉਸ ਦੀ ਮੌਤ ਖਿੱਚ ਲਿਆਈ। ਦੱਸਿਆ ਜਾ ਰਿਹਾ ਕਿ ਸੁਸ਼ੀਲ ਕੁਮਾਰ ਜਦ ਕਾਰ ਵਿਚ ਬੈਠਣ ਲੱਗਾ ਤਾਂ ਆਰਿਅਨ ਵੀ ਨਾਲ ਜਾਣ ਦੀ ਜ਼ਿੱਦ ਕਰਨ ਲੱਗਾ। ਇਸ ਦੌਰਾਨ ਸੁਸ਼ੀਲ ਨੇ ਭਾਣਜੇ ਨੂੰ ਵੀ ਅਪਣੇ ਨਾਲ ਬਿਠਾ ਲਿਆ ਸੀ, ਪਰ ਉਸ ਨੂੰ ਕੀ ਪਤਾ ਕਿ ਰਸਤੇ ਵਿਚ ਮੌਤ ਸਾਰਿਆਂਦੀ ਉਡੀਕ ਕਰ ਰਹੀ ਹੈ।