ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਐਲਾਨ

ਚੰਡੀਗੜ੍ਹ, 23 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਸ਼ਹੀਦੀ ਪਾਉਣ ਵਾਲੇ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਸਰਕਾਰ ਵਲੋਂ ਸਰਕਾਰੀ ਨੌਕਰੀ ਤੇ ਪੰਜ ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਹੁਣ ਤੱਕ ਪੰਜਾਬ ਸਰਕਾਰ ਕੋਲ 76 ਕਿਸਾਨਾਂ ਦੇ ਸ਼ਹੀਦ ਹੋਣ ਦੀ ਰਿਪੋਰਟ ਪੁੱਜੀ ਹੈ। ਇਹ ਖੁਲਾਸਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ’ਤੇ ‘ਆਸਕ ਦਾ ਕੈਪਟਨ’ (ਕੈਪਟਨ ਨੂੰ ਸਵਾਲ) ਪ੍ਰੋਗਰਾਮ ਦੌਰਾਨ ਕੀਤਾ।
ਮੁੱਖ ਮੰਤਰੀ ਨੇ ਇਕ ਸਵਾਲ ਦੇ ਜਵਾਬ ਵਿਚ ਸਪੱਸ਼ਟ ਕੀਤਾ ਕਿ ਉਹ ਕਦੇ ਝੂਠ ਨਹੀਂ ਬੋਲਦੇ, ਖੇਤੀ ਕਾਨੂੰਨਾਂ ਸਬੰਧੀ ਕੇਂਦਰ ਸਰਕਾਰ ਵਲੋਂ ਮੁੱਖ ਮੰਤਰੀਆਂ ਦੀ ਇਕ ਕਮੇਟੀ ਬਣਾਈ ਗਈ ਸੀ ਤਾਂ ਪੰਜਾਬ ਨੂੰ ਇਸ ਕਮੇਟੀ ਵਿਚ ਸ਼ਾਮਲ ਨਾ ਕਰਨ ’ਤੇ ਉਨ੍ਹਾਂ ਨੇ ਚਿੱਠੀ ਲਿਖ ਕੇ ਰੋਸ ਪ੍ਰਗਟ ਕੀਤਾ ਸੀ ਤਾਂ ਰਾਜ ਨੂੰ ਬਤੌਰ ਮੈਂਬਰ ਸ਼ਾਮਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੂਜੀ ਮੀਟਿੰਗ ਵਿਚ ਵਿਤ ਮੰਤਰੀ ਮਨਪ੍ਰੀਤ ਬਾਦਲ ਸ਼ਾਮਲ ਹੋਏ ਸਨ, ਪਰ ਉਸ ਮੀਟਿੰਗ ਵਿਚ ਵਿੱਤੀ ਮੁੱਦਿਆਂ ’ਤੇ ਚਰਚਾ ਹੋਈ ਸੀ, ਜਦੋਂ ਕਿ ਖੇਤੀ ਕਾਨੂੰਨਾਂ ’ਤੇ ਕੋਈ ਚਰਚਾ ਨਹੀਂ ਹੋਈ। ਉਨ੍ਹਾਂ ਕਿਹਾ ਕਿ ਆਪ ਤੇ ਆਕਲੀ ਦਲ ਦੇ ਆਗੂ ਝੂਠ ਬੋਲ ਰਹੇ ਹਨ। ਇਸ ਮਾਮਲੇ ’ਤੇ ਆਰਟੀਆਈ ਪਾ ਕੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
ਕੈਪਟਨ ਨੇ ਕਿਹਾ ਕਿ ਖੇਤੀਬਾੜੀ ਸਟੇਟ ਦਾ ਵਿਸ਼ਾ ਪਰ ਰਾਜਾਂ ਨੂੰ ਬਿਨਾਂ ਪੁੱਛੇ ਕੇਂਦਰ ਨੇ ਕਾਨੂੰਨ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਵੱਖ ਵੱਖ ਰਾਜਾਂ ਦੇ ਕਿਸਾਨ ਧਰਨੇ ’ਤੇ ਬੈਠੇ ਹਨ, ਹੁਣ ਹੋਰ ਕਿੰਨੀ ਦੇਰ ਕਿਸਾਨਾਂ ਨੂੰ ਬਿਠਾਇਆ ਜਾਵੇਗਾ। ਕੈਪਟਨ ਨੇ ਕਿਹਾ ਕਿ ਹੁਣ ਤਕ 130 ਤੋਂ 140 ਵਾਰ ਸੰਵਿਧਾਨ ਵਿਚ ਸੋਧ ਕੀਤੀ ਗਈ ਹੈ, ਹੁਣ ਕਿਉਂ ਨਹੀਂ ਕੀਤੀ ਜਾ ਸਕਦੀ। ਕੈਪਟਨ ਨੇ ਕਿਹਾ ਕਿ ਕੇਂਦਰ ਨੂੰ ਅੜੀਅਲ ਰਵੱਈਆ ਛੱਡਣਾ ਚਾਹੀਦਾ ਹੈ ਕਿਉਂਕਿ ਬਜ਼ੁਰਗ ਆਪਣੇ ਲਈ ਨਹੀਂ ਸਗੋਂ ਆਪਣੇ ਬੱਚਿਆ ਦੇ ਭਵਿੱਖ ਲਈ ਧਰਨੇ ’ਤੇ ਬੈਠੇ ਹਨ।
ਪਠਾਨਕੋਟ ਵਿਚ ਨਕਲੀ ਸ਼ਰਾਬ ਵੇਚਣ ਦੇ ਮਾਮਲੇ ਵਿਚ ਮੁੱਖ ਮੰਤਰੀ ਨੇ ਪੁਲਿਸ ਨੂੰ ਸਖ਼ਤ ਕਾਰਵਾਈ ਕਰਨ ਲਈ ਆਖਿਆ ਹੈ। ਇਸੇ ਤਰ੍ਹਾਂ ਦੁੱਧ ਵਿਚ ਮਿਲਾਵਟ ਹੋਣ ਦੀ ਸ਼ਿਕਾਇਤ ’ਤੇ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਤਰਨਦੀਪ ਬਿਲਾਸਪੁਰ ਦੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਕੌਮੀ ਜਾਂਚ ਏਜੰਸੀ ਵਲੋਂ ਕਿਸਾਨਾਂ, ਪੰਜਾਬੀਆਂ ਨੂੰ ਸੰਮਨ ਭੇਜਣ ਦਾ ਉਹ ਵਿਰੋਧ ਕਰਦੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.