ਨਵੀਂ ਦਿੱਲੀ, 23 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਕਿਸਾਨ ਅੰਦੋਲਨ ਦੌਰਾਨ ਗੜਬੜੀ ਫੈਲਾਉਣ ਦੇ ਖ਼ਦਸ਼ਿਆਂ ਦੇ ਚੱਲਦਿਆਂ ਕਿਸਾਨਾਂ ਨੇ ਦੇਰ ਰਾਤ ਇਕ ਨੌਜਵਾਨ ਨੂੰ ਕਾਬੂ ਕੀਤਾ। ਇਸ ਨੌਜਵਾਨ ਵੱਲ਼ੋਂ ਕਈ ਖੁਲਾਸੇ ਕੀਤੇ ਹਨ। ਉਸ ਦਾ ਕਹਿਣਾ ਹੈ ਕਿ ਕਿਸੇ ਨੇ ਉਨ੍ਹਾਂ ਨੂੰ ਕਿਸਾਨ ਆਗੂਆਂ ਨੂੰ ਮਾਰਨ ਲਈ ਪੈਸੇ ਦਿੱਤੇ ਹਨ ਤੇ ਉਸ ਹੋਰ ਵੀ ਕਈ ਸਾਥੀ ਇਸ ਕੰਮ ਵਿਚ ਲੱਗੇ ਹਨ। ਸਿੰਘੂ ਹੱਦ ’ਤੇ ਫੜੇ ਗਏ ਸ਼ੱਕੀ ਨੂੰ ਕ੍ਰਾਈਮ ਬ੍ਰਾਂਚ ਦੇ ਦਫ਼ਤਰ ਲਿਜਾਇਆ ਗਿਆ ਹੈ। ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਦਾ ਨਾਮ ਯੋਗੇਸ਼ ਹੈ ਅਤੇ ਉਹ ਸੋਨੀਪਤ ਦੇ ਨਿਊ ਜੀਵਨ ਨਗਰ ਦਾ ਵਸਨੀਕ ਹੈ। ਪੁਲਿਸ ਅਨੁਸਾਰ ਉਹ 9ਵੀਂ ਫੇਲ ਹੈ ਅਤੇ ਉਸ ਦਾ ਅਜੇ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ।
ਨੌਜਵਾਨ ਨੇ ਦਾਅਵਾ ਕੀਤਾ ਕਿ 23 ਤੋਂ 26 ਜਨਵਰੀ ਦਰਮਿਆਨ ਕਿਸੇ ਵੇਲੇ ਵੀ ਗੜਬੜ ਕਰਨ ਦੀ ਯੋਜਨਾ ਸੀ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਇਸ ਨੌਜਵਾਨ ਨੇ ਪਹਿਲਾਂ ਕਿਸੇ ਲੜਕੀ ਨਾਲ ਕਥਿਤ ਬਦਸਲੂਕੀ ਕਰਨ ਦੀ ਗੱਲ ਕੀਤੀ ਕਿ ਕਿਸਾਨ ਜਜ਼ਬਾਤੀ ਹੋ ਕੇ ਆਪਣੇ ਹਥਿਆਰ ਬਾਹਰ ਕੱਢਣਗੇ। ਉਸ ਨੌਜਵਾਨ ਨੇ ਰਾਤੀਂ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਕਿ 26 ਜਨਵਰੀ ਦੀ ਟਰੈਕਟਰ ਪਰੇਡ ਦੌਰਾਨ ਗੋਲੀ ਚਲਾਉਣ ਦੀ ਯੋਜਨਾ ਬਣਾਈ ਸੀ ਤੇ ਉਹ ਪੈਸੇ ਦੇ ਲਾਲਚ ’ਚ ਆ ਗਿਆ ਸੀ। ਕਾਬੂ ਕੀਤੇ ਨੌਜਵਾਨ ਨੇ ਦਾਅਵਾ ਕੀਤਾ ਕਿ ਉਹ ਹਰਿਆਣਾ ਵਿੱਚ ਜਾਟ ਅੰਦੋਲਨ ਦੌਰਾਨ ਹੋਈ ਹਿੰਸਾ ਵਿੱਚ ਵੀ ਸ਼ਾਮਲ ਸਨ। ਫੜੇ ਗਏ ਨੌਜਵਾਨ ਨੇ ਦਾਅਵਾ ਕੀਤਾ ਹੈ ਕਿ ਉਹ 26 ਜਨਵਰੀ ਨੂੰ ਕਿਸਾਨ ਟਰੈਕਟਰ ਰੈਲੀ ਵਿੱਚ ਫਾਇਰਿੰਗ ਕਰਕੇ ਮਾਹੌਲ ਖਰਾਬ ਕਰਨ ਦੀ ਸਾਜਿਸ਼ ਰਚ ਰਿਹਾ ਸੀ। ਸ਼ੱਕੀ ਵਿਅਕਤੀ ਨੇ ਦੱਸਿਆ ਕਿ 23 ਤੋਂ 26 ਜਨਵਰੀ ਦੇ ਦਰਮਿਆਨ ਕਿਸਾਨੀ ਨੇਤਾਵਾਂ ਨੂੰ ਗੋਲੀ ਮਾਰਨ ਦੀ ਸਾਜਿਸ਼ ਰਚੀ ਗਈ ਸੀ। ਉਸ ਨੇ ਇਕਬਾਲ ਕੀਤਾ ਕਿ ਉਸ ਨੇ ਜਾਟ ਅੰਦੋਲਨ ਵਿਚ ਮਾਹੌਲ ਖਰਾਬ ਕਰਨ ਲਈ ਵੀ ਕੰਮ ਕੀਤਾ ਸੀ। ਨੌਜਵਾਨ ਨੇ ਕਿਹਾ ਕਿ ਉਸ ਨੂੰ ਇਸ ਕੰਮ ਲਈ 10 ਹਜ਼ਾਰ ਰੁਪਏ ਦਿੱਤੇ ਜਾਣੇ ਸੀ। ਨੌਜਵਾਨ ਨੇ ਇਹ ਵੀ ਦਾਅਵਾ ਕੀਤਾ ਕਿ ਕਿਸਾਨ ਅੰਦੋਲਨ ਵਿੱਚ ਗੜਬੜੀ ਲਈ ਹਥਿਆਰ ਵੀ ਪਹੁੰਚ ਚੁੱਕੇ ਹਨ। ਉਸ ਨੇ ਦੱਸਿਆ ਕਿ ਕੁੱਲ ਮਿਲਾ ਕੇ ਦਸ ਨੌਜਵਾਨ ਦੀ ਟੀਮ ਹੈ, ਜਿਸ ਦੇ ਜ਼ਿੰਮੇ ਚਾਰ ਆਗੂਆਂ ’ਤੇ ਗੋਲੀਆਂ ਚਲਾਉਣੀਆਂ ਸਨ। ਉਸ ਨੇ ਦੱਸਿਆ ਕਿ ਉਸ ਨਾਲ ਟੀਮ ਵਿੱਚ ਦੋ ਲੜਕੀਆਂ ਵੀ ਸ਼ਾਮਲ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.