ਨਵੀਂ ਦਿੱਲੀ, 27 ਜਨਵਰੀ, ਹ.ਬ. : ਦਿੱਲੀ ਵਿਚ ਮੰਗਲਵਾਰ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲੇ੍ਹ ’ਤੇ ਪ੍ਰਦਰਸ਼ਨਕਾਰੀਆਂ ਵਲੋਂ ਝੰਡਾ ਲਹਿਰਾਉਣ  ਦਾ ਮਾਮਲਾ ਸੁਪਰੀਮ ਕੋਰਟ ਵਿਚ ਪਹੁੰਚ ਗਿਆ। ਮਾਮਲੇ ਨੂੰ ਲੈ ਕੇ ਇੱਕ ਕਾਨੂੰਨ ਦੇ ਵਿਦਿਆਰਥੀ ਨੇ ਭਾਰਤ ਦੇ ਚੀਫ਼ ਜਸਟਿਸ  ਨੂੰ ਪੱਤਰ ਲਿਖ ਕੇ ਲਾਲ ਕਿਲ੍ਹੇ ’ਤੇ ਕਿਸੇ ਦੂਜੇ ਭਾਈਚਾਰੇ ਦਾ ਝੰਡਾ ਲਹਿਰਾਉਣ ਵਾਲੇ  ਅਸਮਾਜਕ ਅਨਸਰਾਂ ਦੇ ਖ਼ਿਲਾਫ਼  ਐਕਸ਼ਨ ਲੈਣ ਦੀ ਮੰਗ ਕੀਤੀ ਹੈ। ਮੁੰਬਈ ਯੂਨੀਵਰਸਿਟੀ ਦੇ ਕਾਨੂੰਨ ਦੇ ਵਿਦਿਆਰਥੀ ਆਸ਼ੀਸ਼ ਰਾਏ ਦੁਆਰਾ ਲਿਖੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ 26 ਜਨਵਰੀ 2021 ਨੂੰ ਕਿਸਾਨਾਂ ਦੇ ਇੱਕ ਸਮੂਹ ਦੁਆਰਾ ਆਯੋਜਤ ਟਰੈਕਟਰ ਰੈਲੀ ਵਿਚ ਕੁਝ ਅਸਮਾਜਕ ਅਨਸਰਾਂ ਵਲੋਂ ਹਿੰਸਾ ਫੈਲਾਈ ਗਈ। ਪੱਤਰ ਵਿਚ ਕਿਹਾ ਗਿਆ ਹੈ ਕਿ ਜਿਸ ਤਰ੍ਹਾਂ ਲਾਲ ਕਿਲ੍ਹੇ ਵਿਚ ਭਾਰਤ ਦੇ ਕੌਮੀ ਝੰਡੇ ਦੀ ਜਗ੍ਹਾ ਕਿਸੇ ਹੋਰ ਭਾਈਚਾਰੇ ਦੇ ਝੰਡੇ ਦੇ ਲਹਿਰਾਉਣ ਨਾਲ ਦੇਸ਼ ਦੇ ਸਨਮਾਨ  ਨੂੰ ਠੇਸ ਪੁੱਜੀ। ਇਹ ਇੱਕ ਸ਼ਰਮਨਾਕ ਘਟਨਾ ਹੈ। ਇਸ ਘਟਨਾ ਕਾਰਨ ਪੂਰਾ ਦੇਸ਼ ਵੀ ਦੁਖੀ ਹੈ। ਕਿਉਂਕਿ ਇਸ ਘਟਨਾ ਨਾਲ ਦੇਸ਼ ਦੇ ਸੰਵਿਧਾਨ ਦੇ ਨਾਲ ਨਾਲ ਕੌਮੀ ਝੰਡੇ ਦਾ ਵੀ ਅਪਮਾਨ ਹੋਇਆ ਹੈ। ਦੇਸ਼ ਦੀ ਭਗਤੀ ਭਾਵਨਾ ਨੂੰ ਠੇਸ ਪਹੁੰਚਾਈ ਗਈ ਹੈ।  ਇਸ ਲਈ ਸੁਪਰੀਮ ਕੋਰਟ ਨੂੰ ਬੇਨਤੀ ਹੈ ਕਿ ਇਸ ਪੂਰੇ ਮਾਮਲੇ ’ਤੇ ਇੱਕ ਵਿਸ਼ੇਸ਼ ਜਾਂਚ ਕਮੇਟੀ ਦਾ ਗਠਨ ਕੀਤਾ ਜਾਵੇ ਤਾਕਿ ਇਸ ਅਸੰਵਿਧਾਨਕ ਸਰਗਰਮੀ ਵਿਚ ਸ਼ਾਮਲ ਅਸਮਾਜਕ ਅਨਸਰਾਂ ਖ਼ਿਲਾਫ਼ ਜਾਂਚ ਕੀਤੀ ਜਾ ਸਕੇ ਅਤੇ ਮੁਲਜ਼ਮਾਂ ਨੂੰ ਸਜ਼ਾ ਦਿਵਾਈ ਜਾ ਸਕੇ।

ਹੋਰ ਖਬਰਾਂ »

ਹਮਦਰਦ ਟੀ.ਵੀ.