ਮੰਤਰੀਆਂ ਅਤੇ ਸੰਸਦ ਮੈਂਬਰਾਂ ਦੇ ਦਫ਼ਤਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਸਨ ਧਮਾਕੇ, ਅਮਰੀਕੀ ਯੂਨੀਵਰਸਿਟੀ ਦਾ ਸੈਂਟਰ ਵੀ ਸੀ ਨੇੜੇ

ਕਾਬੁਲ (ਅਫਗਾਨਿਸਤਾਨ), 10  ਜਨਵਰੀ (ਹਮਦਰਦ ਨਿਊਜ਼ ਸਰਵਿਸ) : ਰਾਜਧਾਨੀ ਕਾਬੁਲ 'ਚ ਮੰਗਲਵਾਰ ਸ਼ਾਮ ਦੋ ਬੰਬ ਧਮਾਕੇ ਹੋਏ। ਇਨ•ਾਂ ਵਿੱਚ 24 ਲੋਕਾਂ ਦੀ ਮੌਤ ਹੋ ਗਈ, ਜਦਕਿ 45 ਲੋਕ ਜ਼ਖ਼ਮੀ ਹੋਏ। ਅਫਗਾਨ ਗ੍ਰਹਿ ਮੰਤਰਾਲੇ ਦੇ ਬੁਲਾਰੇ ਸਾਦਿਆ ਸਿੱਦਿਕੀ ਦੇ ਮੁਤਾਬਕ ਹਮਲਾਵਰਾਂ ਦਾ ਨਿਸ਼ਾਨਾ ਮੰਤਰੀਆਂ ਅਤੇ ਸੰਸਦ ਮੈਂਬਰਾਂ ਦੇ ਦਫ਼ਤਰ ਸਨ। ਜਿੱਥੇ ਧਮਾਕੇ ਹੋਏ ਉੱਥੋਂ ਕੁਝ ਦੂਰੀ 'ਤੇ ਅਮਰੀਕੀ ਯੂਨੀਵਰਸਿਟੀ ਦਾ ਇੱਕ ਸੈਂਟਰ ਵੀ ਹੈ। ਸਿੱਦੀਕੀ ਦੇ ਮੁਤਾਬਕ, ਪਹਿਲਾ ਧਮਾਕਾ ਇੱਕ ਆਤਮਘਾਤੀ ਬੰਬ ਹਮਲਾਵਰ ਨੇ ਕੀਤਾ। ਇਸ ਤੋਂ ਕੁਝ ਹੀ ਮਿੰਟ ਦੇ ਅੰਦਰ ਦੂਜਾ ਧਮਾਕਾ ਹੋਇਆ। ਦੂਜੇ ਧਮਾਕੇ ਲਈ ਕਾਰ ਬੰਬ ਦੀ ਵਰਤੋਂ ਕੀਤੀ ਗਈ। ਅੱਤਵਾਦੀ ਸੰਗਠਨ ਤਾਲਿਬਾਨ ਦੇ ਬੁਲਾਰੇ ਜਬੀਉਲਾਹ ਮੁਜਾਹਿਦ ਨੇ ਇੱਕ ਨਿਊਜ਼ ਏਜੰਸੀ ਨੂੰ ਫੋਨ ਕਰਕੇ ਹਮਲੇ ਦੀ ਜ਼ਿੰਮੇਦਾਰੀ ਲਈ ਹੈ। ਅਫਗਾਨ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਕੁੱਲ ਕਿੰਨੇ ਲੋਕਾਂ ਦੀ ਮੌਤ ਹੋਈ ਹੈ ਜਾਂ ਕਿੰਨੇ ਲੋਕ ਇਨ•ਾਂ ਧਮਾਕਿਆਂ ਵਿੱਚ ਜ਼ਖਮੀ ਹੋਏ ਹਨ, ਇਸ ਸਬੰਧੀ ਅਜੇ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ। ਹਾਲਾਂਕਿ ਸੂਤਰਾਂ ਅਨੁਸਾਰ 24 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 45 ਲੋਕ ਜ਼ਖ਼ਮੀ ਹੋਏ ਹਨ। ਇਨ•ਾਂ ਵਿੱਚੋਂ ਕਈ ਲੋਕਾਂ ਦੀ ਹਾਲਤ ਗੰਭੀਰ ਦੱਸੀ ਗਈ ਹੈ। ਰਿਪੋਰਟ ਦੇ ਮੁਤਾਬਕ ਮਾਰੇ ਗਏ ਲੋਕਾਂ ਵਿੱਚ ਜ਼ਿਆਦਾਤਰ ਸਿਕਿਉਰਿਟੀ ਦੇ ਸਟਾਫ਼ ਮੈਂਬਰ ਹਨ। ਇਸ ਤੋਂ ਪਹਿਲਾਂ ਮੰਗਲਵਾਰ ਸਵੇਰੇ ਹੈਲਮੰਡ ਸੂਬੇ ਵਿੱਚ ਵੀ ਤਾਲਿਬਾਨ ਨੇ ਹਮਲਾ ਕੀਤਾ ਸੀ, ਜਿਸ ਵਿੱਚ ਸੱਤ ਵਿਅਕਤੀ ਮਾਰੇ ਗਏ। ਅਫਗਾਨਿਸਤਾਨ ਫੌਜ ਦੇ ਜਨਰਲ ਆਗਾ ਨੂਰ ਨੇ ਇਸ ਹਮਲੇ ਦੀ ਪੁਸ਼ਟੀ ਕੀਤੀ। ਆਗਾ ਨੇ ਦੱਸਿਆ ਕਿ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਇੱਕ ਗੈਸਟ ਹਾਊਸ ਸੀ, ਜਿੱਥੇ ਸਰਕਾਰੀ ਅਧਿਕਾਰੀ ਰੁਕੇ ਹੋਏ ਸਨ। ਹਾਲਾਂਕਿ ਹਮਲੇ ਵਿੱਚ ਮਾਰੇ ਗਏ ਵਿਅਕਤੀਆਂ ਵਿੱਚ ਜ਼ਿਆਦਾਤਰ ਆਮ ਲੋਕ ਹੀ ਹਨ। ਜ਼ਿਕਰਯੋਗ ਹੈ ਕਿ ਹਾਲ ਦੇ ਦਿਨਾਂ ਵਿੱਚ ਤਾਲਿਬਾਨ ਨੇ ਅਫਗਾਨਿਸਤਾਨ ਵਿੱਚ ਹਮਲਿਆਂ ਲਈ ਆਪਣੀ ਰਣਨੀਤੀ ਬਦਲੀ ਹੈ। ਹੁਣ ਉੱਥੇ ਜ਼ਿਆਦਾਤਰ ਸੜਕਾਂ ਦੇ ਕੰਢੇ ਆਈਈਡੀ ਲਗਾ ਕੇ ਧਮਾਕੇ ਕੀਤੇ ਜਾ ਰਹੇ ਹਨ। ਪਿਛਲੇ ਹਫਤੇ ਇੱਕ ਅਜਿਹੇ ਧਮਾਕੇ ਵਿੱਚ ਅਫਗਾਨ ਫੌਜ ਦੇ ਤਿੰਨ ਜਵਾਨ ਮਾਰੇ ਗਏ ਸਨ।    

ਹੋਰ ਖਬਰਾਂ »