ਕੈਲੀਫੋਰਨੀਆ, 12 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੇ ਕੈਲੀਫੋਰਨੀਆ ਅਤੇ ਨੇਵਾਦਾ ਵਿਚ ਹੜ੍ਹ ਜਿਹੇ ਹਾਲਾਤ ਬਣ ਗਏ ਹਨ।  ਬੀਤੇ ਦਿਨ ਇੱਥੇ ਬਰਫ਼ੀਲੀ ਹਵਾਵਾਂ ਦੇ ਨਾਲ ਭਾਰੀ ਵਰਖਾ ਹੋਈ। ਜਿਸ ਤੋਂ ਬਾਅਦ ਹੜ੍ਹ ਜਿਹੇ ਹਾਲਾਤ ਪੈਦਾ ਹੋ ਗਏ ਅਤੇ ਪਹਾੜਾਂ 'ਤੇ ਕਈ ਫੁੱਟ ਤੱਕ ਬਰਫ਼ ਜਮ੍ਹਾਂ ਹੋ ਗਈ। ਕੌਮੀ ਮੌਸਮ ਸਰਵਿਸ ਨੇ ਕੈਲੀਫੋਰਨੀਆ, ਨੇਵਾਦਾ, ਟੁਸਕੀ ਅਤੇ ਸਾਊਥ ਤਾਹੋਈ ਸਮੇਤ ਥਾਹੋ ਖੇਤਰ ਵਿਚ ਇਸ ਸਬੰਧ ਵਿਚ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਸਿਆਰਾ ਨੇਵਾਦਾ ਪਹਾੜੀ ਇਲਾਕਿਆਂ ਵਿਚ 5 ਤੋਂ ਦਸ ਫੁੱਟ ਬਰਫ਼ਬਾਰੀ ਅਤੇ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚਲਣ ਦੀ ਚਿਤਾਵਨੀ ਦਿੱਤੀ ਹੈ। ਮੌਸਮ ਵਿਭਾਗ ਨੇ ਨੇਵਾਦਾ ਦੇ ਰੇਨੋ ਤੋਂ ਜਾਰੀ ਇਕ ਬੁਲੇਟਿਨ ਵਿਚ ਦੱਸਿਆ ਕਿ ਇਹ ਜਾਨ ਲੇਵਾ ਹਾਲਾਤ ਹਨ। ਵਿਭਾਗ ਨੇ ਬਾਹਰ ਜਾਣ ਵਾਲੇ ਸਾਰੇ ਸੈਲਾਨੀਆਂ ਨੂੰ ਘਰਾਂ ਵਿਚ ਰਹਿਣ ਦੀ ਸਲਾਹ ਦਿੱਤੀ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਇਸ ਸਥਿਤੀ ਵਿਚ ਥੋੜ੍ਹੀ ਜਿਹੀ ਵੀ ਲਾਪਰਵਾਹੀ ਜਾਨ ਲੇਵਾ ਸਾਬਤ ਹੋ ਸਕਦੀ ਹੈ। ਇੱਥੇ ਪਹਾੜੀ ਇਲਾਕਿਆਂ ਵਿਚ ਜ਼ਮੀਨ ਖਿਸਕਣ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਨੇ ਨਾਰਥ ਅਤੇ ਸੈਂਟਰਲ ਕੈਲੀਫੋਰਨੀਆ ਦੇ ਹੇਠਲੇ ਇਲਾਕਿਆਂ ਵਿਚ ਹੜ੍ਹ  ਦੀ ਚਿਤਾਵਨੀ ਜਾਰੀ ਕੀਤੀ ਹੈ। ਹੇਠਲੇ ਇਲਾਕਿਆਂ ਵਿਚ ਲਗਾਤਾਰ ਦੋ ਦਿਨਾਂ ਤੋਂ ਵਰਖਾ ਨਾਲ ਸਾਰੀ ਨਦੀਆਂ ਵਿਚ ਪਾਣੀ ਭਰ ਗਿਆ ਹੈ ਅਤੇ ਅਜਿਹਾ ਵੀ ਹੋ ਸਕਦਾ ਹੈ ਕਿ ਜੇਕਰ ਬਾਰਸ਼ ਨਹੀਂ ਰੁਕੀ ਤਾਂ ਪਾਣੀ ਰਿਹਾਇਸ਼ੀ ਇਲਾਕਿਆਂ ਤੱਕ ਪਹੁੰਚ ਜਾਵੇਗਾ।

ਹੋਰ ਖਬਰਾਂ »