ਨਵੀਂ ਦਿੱਲੀ, 19 ਜੂਨ (ਹਮਦਰਦ ਨਿਊਜ਼ ਸਰਵਿਸ) : ਭਾਰਤੀਆਂ ਦਾ ਜਮ੍ਹਾ ਧਨ ਸਿੰਗਾਪਰ ਅਤੇ ਹਾਂਗਕਾਂਗ ਜਿਹੇ ਦੇਸ਼ਾਂ ਦੇ ਮੁਕਾਬਲੇ ਸਵਿਸ ਬੈਂਕਾਂ ਵਿਚ ਕਾਫੀ ਘੱਟ ਹੈ। ਸਵਿਟਜ਼ਰਲੈਂਡ ਦੇ  ਨਿੱਜੀ ਬੈਂਕਾਂ ਦੇ ਇਕ ਸੰਗਠਨ ਨੇ ਇਹ ਜਾਣਕਾਰੀ ਦਿੱਤੀ ਹੈ। ਅੰਕੜਿਆਂ ਮੁਤਾਬਕ ਸਵਿਸ ਬੈਂਕਾਂ ਵਿਚ ਭਾਰਤੀਆਂ ਦੇ ਸਿਰਫ 120 ਕਰੋੜ ਫਰੈਂਕ ਯਾਨੀ ਕਰੀਬ 8,392 ਕਰੋੜ ਰੁਪਏ ਹਨ। ਇਹ ਅੰਕੜਾ 2015 ਦੇ ਆਖਰ ਦਾ ਹੈ। ਇਸ ਵਿਚ ਪਿਛਲੇ ਕੁਝ ਸਾਲਾਂ ਵਿਚ 127.66 ਕਰੋੜ ਫਰੈਂਕ ਦੀ ਗਿਰਾਵਟ ਆਈ ਹੈ।  ਹਾਲਾਂਕਿ ਹੋਰ ਵਿਸ਼ਵ ਪੱਧਰੀ ਵਿੱਤੀ ਕੇਂਦਰਾਂ ਨੂੰ ਲੈਕੇ ਅਜਿਹਾ ਕੋਈ ਅਧਿਕਾਰਕ ਅੰਕੜਾ ਮੌਜੂਦ ਨਹੀਂ ਹੈ। ਜਨੇਵਾ ਸਥਿਤ ਐਸੋਸੀਏਸ਼ਨ ਆਫ਼ ਪ੍ਰਾਈਵੇਟ ਬੈਂਕਸ ਦੇ ਮੈਨੇਜਰ ਜਾਨ ਲਾਂਗਲੋ ਕੋਲੋਂ ਜਦ ਪੁਛਿਆ ਗਿਆ ਕਿ ਭਾਰਤੀਆਂ ਦੇ ਪੈਸੇ  ਜਮ੍ਹਾ ਕਰਨ ਦਾ ਟਰੈਂਡ ਕੀਤਾ ਹੈ, ਤਾਂ ਉਨ੍ਹਾਂ ਕਿਹਾ ਕਿ ਅਸੀਂ ਇਸ ਨੂੰ ਇਸ ਤਰ੍ਹਾਂ ਟਰੈਕ ਨਹੀਂ ਕੀਤਾ ਹੈ। ਵਰਤਮਾਨ ਵਿਚ ਐਸੋਸੀਏੇਸ਼ਨ ਵਿਚ ਨੌਂ ਬੈਂਕ ਸ਼ਾਮਲ ਹਨ। ਇਨ੍ਹਾਂ ਦੇ ਮੁਲਾਜ਼ਮਾਂ ਦੀ ਕੁੱਲ ਗਿਣਤੀ 7500 ਹੈ। ਇਹ ਬੈਂਕ ਵੈਲਥ ਮੈਨੇਜਮੈਂਟ ਦਾ ਕਾਰੋਬਾਰ ਕਰਦੇ ਹਨ। ਸਵਿਟਜ਼ਰਲੈਂਡ ਨੇ ਹਾਲ ਹੀ ਵਿਚ ਆਟੋਮੈਟਿਕ ਐਕਸਚੇਂਜ ਆਫ਼ ਇਨਫਰਮੇਸ਼ਨ ਦਾ ਵਾਅਦਾ ਕੀਤਾ ਹੈ। ਜਿਸ ਦੇ ਤਹਿਤ ਸਬੰਧਤ ਦੇਸ਼ ਨੂੰ ਉਨ੍ਹਾਂ ਦੇ ਨਾਗਰਿਕਾਂ ਦੁਆਰਾ ਜਮ੍ਹਾ ਕਰਾਏ ਗਏ ਧਨ ਦੀ ਜਾਣਕਾਰੀ ਦਿੱਤੀ ਜਾਵੇਗੀ।
ਦੂਜੇ ਪਾਸੇ ਇਸੇ ਤਰ੍ਹਾਂ ਸਵਿਸ ਬੈਂਕਾਂ ਵਿਚ ਕਾਲਾ ਧਨ ਰੱਖਣ ਵਾਲੇ ਭਾਰਤੀਆਂ ਦੇ ਬੈਂਕ ਖਾਤਿਆਂ ਦਾ ਬਿਓਰਾ ਸਰਕਾਰ ਤੱਕ ਪਹੁੰਚਣ ਦਾ ਰਸਤਾ ਸੌਖਾਲਾ ਵੀ ਹੋਇਆ ਹੈ।  ਸਵਿਟਜ਼ਰਲੈਂਡ ਨੇ ਭਾਰਤ ਅਤੇ 40 ਹੋਰ ਦੇਸ਼ਾਂ ਦੇ ਨਾਲ ਅਪਣੇ ਇੱਥੇ ਸਬੰਧਤ ਦੇਸ਼ ਦੇ ਲੋਕਾਂ ਦੇ ਵਿੱਤੀ ਖਾਤਿਆਂ, ਸ਼ੱਕੀ ਕਾਲੇ ਧਨ ਨਾਲ ਸਬੰਧਤ ਸੂਚਨਾਵਾਂ ਦੇ ਲੈਣ ਦੇਣ ਦੀ ਵਿਵਸਥਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਨ੍ਹਾਂ ਦੇਸ਼ਾਂ ਨੂੰ ਖੁਫ਼ੀਆ ਅਤੇ ਸੂਚਨਾ ਦੀ ਸੁਰੱਖਿਆ ਦੇ ਕੜੇ ਨਿਯਮਾਂ ਦਾ ਪਾਲਣਾ ਕਰਨਾ ਹੋਵੇਗਾ। ਟੈਕਸ ਸਬੰਧੀ ਸੂਚਨਾਵਾਂ ਦੇ ਲੈਣ ਦੇਣ 'ਤੇ ਵਿਸ਼ਵ ਪੱਧਰੀ ਸੰਧੀ ਨੂੰ ਮਨਜ਼ੂਰੀ ਦੇ ਮਤੇ 'ਤੇ ਸਵਿਟਜ਼ਰਲੈਂਡ ਦੇ ਮਤੰਰੀ ਮੰਡਲ ਦੀ ਮੁਹਰ ਲੱਗ ਗਈ ਹੈ। ਸਵਿਟਜ਼ਰਲੈਂਡ ਸਰਕਾਰ ਨੇ ਇਹ ਵਿਵਸਥਾ ਅਗਲੇ ਸਾਲ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ ਅਤੇ 2019 ਤੋਂ ਅੰਕੜਿਆਂ ਦਾ ਲੈਣ ਦੇਣ ਸ਼ੁਰੂ ਹੋ ਸਕਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਬਹੁਤ ਸਾਰੇ ਭਾਰਤੀਆਂ ਨੇ ਅਣਾ ਕਾਲਾ ਧਨ ਸਵਿਟਜ਼ਰਲੈਂਡ ਦੇ ਬੈਂਕ ਖਾਤਿਆਂ ਵਿਚ ਜਮ੍ਹਾ ਕਰਕੇ ਰੱਖਿਆ ਹੈ। ਭਾਜਪਾ ਨੇ ਆਮ ਚੋਣਾਂ ਵਿਚ ਵਿਦੇਸ਼ਾਂ ਤੋਂ ਕਾਲਾ ਧਨ ਲਿਆਉਣ ਨੂੰ ਪ੍ਰਮੁੱਖ ਮੁੱਦਾ ਬਣਾਇਆ ਸੀ।

ਹੋਰ ਖਬਰਾਂ »