ਵਾਸ਼ਿੰਗਟਨ, 15 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਅਮਰੀਕੀ ਸੈਨਾ ਵਲੋਂ ਅਫ਼ਗਾਨਿਸਤਾਨ ਦੇ ਕੁਨਾਰ ਸੂਬੇ ਵਿਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਸਥਾਨਕ ਹੈਡਕੁਆਰਟਰ 'ਤੇ ਕੀਤੇ ਗਏ ਹਮਲੇ ਵਿਚ ਆਈਐਸ ਦੀ ਅਫ਼ਗਾਨ ਇਕਾਈ ਦਾ ਮੁਖੀ ਅਬੂ ਸਈਦ ਮਾਰਿਆ ਗਿਆ ਹੈ। ਅਮਰੀਕੀ ਸੈਨਾ ਨੇ ਇਹ ਹਮਲਾ ਇਸ ਹਫ਼ਤੇ ਦੇ ਸ਼ੁਰੂ ਵਿਚ ਕੀਤਾ ਸੀ। ਅਮਰੀਕੀ ਰੱਖਿਆ ਵਿਭਾਗ ਦੇ ਹੈਡਕੁਆਰਟਰ ਪੈਂਟਾਗਨ ਨੇ ਇਕ ਬਿਆਨ ਜਾਰੀ ਕਰਕੇ ਅੱਜ ਇਸ ਗੱਲ ਦੀ ਜਾਣਕਾਰੀ ਦਿੱਤੀ। ਪੈਂਟਾਗਨ ਦੀ ਬੁਲਾਰਾ ਡਾਨਾ ਵਾਈਟ ਨੇ ਇਕ ਬਿਆਨ ਵਿਚ ਕਿਹਾ ਕਿ ਆਈਐਸ ਦੇ ਬਾਕੀ ਹੋਰ ਮੈਂਬਰਾਂ ਨੂੰ ਮੰਗਲਵਾਰ ਨੂੰ ਕੀਤੇ ਗਏ ਹਮਲੇ ਵਿਚ ਮਾਰਿਆ ਗਿਆ ਹੈ। ਅਫ਼ਗਾਨਿਸਤਾਨ ਵਿਚ ਆਈਐਸ ਦੇ ਖ਼ਿਲਾਫ਼ ਜੁਲਾਈ 2016 ਤੋਂ ਜਾਰੀ ਮੁਹਿੰਮ ਵਿਚ ਅਬੂ ਸਈਦ ਮਾਰਿਆ ਜਾਣ ਵਾਲਾ ਤੀਜਾ ਅੱਤਵਾਦੀ ਹੈ। ਗੌਰਤਲਬ ਹੈ ਕਿ ਇਸ ਸਾਲ 27 ਅਪ੍ਰੈਲ ਨੂੰ ਨਾਗਰਹਾਰ ਸੂਬੇ ਵਿਚ ਅਮਰੀਕੀ ਅਤੇ ਅਫ਼ਗਾਨ ਸੈਨਾ ਦੇ ਸੰਯੁਕਤ ਅਭਿਆਨ ਵਿਚ ਅਬਦੁਲ ਹਸੀਬ ਨਾਂ ਦਾ ਅੱਤਵਾਦੀ ਮਾਰਿਆ ਗਿਆ ਸੀ। ਇਸ ਤੋਂ ਪਹਿਲਾਂ 2016 ਵਿਚ ਇਕ ਹੋਰ ਹਮਲੇ ਵਿਚ ਹਾਫਿਜ਼ ਸਈਦ ਖਾਨ ਮਾਰਿਆ ਗਿਆ ਸੀ। ਅਫ਼ਗਾਨਿਸਤਾਨ ਵਿਚ 2015  ਤੋਂ ਸਰਗਰਮ ਆਈਐਸ ਦੇ ਸਥਾਨਕ ਗੁੱਟ ਨੂੰ ਇਸਲਾਮਿਕ ਸਟੇਟ ਖੋਰਾਸਾਨ ਦੇ ਨਾਂ ਤੋਂ ਜਾਣਿਆ ਜਾਂਦਾ ਹੈ। 

ਹੋਰ ਖਬਰਾਂ »