ਨਵੀਂ ਦਿੱਲੀ, 17 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਲੁਧਿਆਣਾ ਦੇ ਗੈਂਗਸਟਰ ਰਾਜਿੰਦਰ ਸਿੰਘ  ਉਰਫ ਲਵਲੀ ਦੇ ਗੁਰਗੇ ਨੂੰ ਦਬੋਚਿਆ ਹੈ।  ਉਸ ਦੀ ਪਛਾਣ ਲੁਧਿਆਣਾ ਨਿਵਾਸੀ  ਸੰਦੀਪ ਜੈਸਲ ਉਰਫ ਕਾਲੀ (26) ਦੇ ਰੂਪ ਵਿਚ ਹੋਈ ਹੈ। ਪੁਲਿਸ ਦੀ ਮੰਨੀਏ ਤਾਂ ਸੰਦੀਪ ਦੇ ਖ਼ਿਲਾਫ਼ ਦੰਗਾ ਕਰਨ, ਹੱਤਿਆ ਦੀ ਕੋਸ਼ਿਸ਼, ਸੱਟਾ ਅਤੇ ਸ਼ਰਾਬ ਤਸਕਰੀ ਤੇ ਨਸ਼ੇ ਦਾ ਧੰਦਾ ਕਰਨ ਦੇ ਕਈ ਮਾਮਲੇ ਦਰਜ ਹਨ। ਇਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਰਪਾਧ ਸ਼ਾਖਾ ਨੇ ਲੁਧਿਆਣਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਅਪਰਾਧ ਸ਼ਾਖਾ ਦੇ ਪੁਲਿਸ  ਅਧਿਕਾਰੀ ਨੇ ਦੱਸਿਆ ਕਿ ਏਸੀਪੀ ਸੰਜੇ ਸਹਿਰਾਵਤ ਅਤੇ ਇੰਸਪੈਕਟਰ ਨੀਰਜ ਚੌਧਰੀ ਤੇ ਹੋਰਾਂ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਲੁਧਿਆਣਾ ਦੇ ਖੂੰਖਾਰ ਗੈਂਗਸਟਰ ਰਾਜਿੰਦਰ ਸਿੰਘ ਉਰਫ ਲਵਲੀ ਦਾ ਗੁਰਗਾ ਦੁਆਰਕਾ ਸੈਕਟਰ 14 ਮੈਟਰੋ ਸਟੇਸ਼ਨ ਦੇ ਕੋਲ ਆਉਣ ਵਾਲਾ ਹੈ। ਸੂਚਨਾ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਦਬੋਚ ਲਿਆ। ਪੁਛਗਿੱਛ ਵਿਚ ਦੋਸ਼ੀ ਨੇ ਦੱਸਿਆ ਕਿ ਗੈਂਗਸਟਰ ਰਾਜਿੰਦਰ ਦਾ ਲੁਧਿਆਣਾ ਵਿਚ ਲਾਟਰੀ ਦਾ ਵੱਡਾ ਕਾਰੋਬਾਰ ਹੈ। ਲੁਧਿਆਣਾ ਦੇ ਰਹਿਣ ਵਾਲੇ ਦੋ ਭਰਾ ਗੌਰਵ ਅਤੇ ਮਨੀਸ਼ ਉਰਫ ਮੋਨੂੰ ਨੇ ਰਾਜਿੰਦਰ ਤੋਂ ਦੁਕਾਨ ਚਲਾਉਣ ਦੇ ਲਈ ਕੁਝ ਰੁਪਏ ਲਏ ਸੀ। ਰੁਪਏ ਵਾਪਸ ਨਾ ਕਰਨ 'ਤੇ ਇਕ ਫਰਵਰੀ 2017 ਨੂੰ ਰਾਜਿਦੰਰ ਲਵਲੀ, ਜੱਜੀ, ਮਹਿੰਦਰ ਸਿੰਘ ਫ਼ੌਜੀ, ਕਾਲੀ, ਸੁਨੀਲ ਕੁਮਾਰ ਸੰਨੀ ਅਤੇ ਹੋਰਾਂ ਨੇ ਦੋਵਾਂ ਨੂੰ ਕੁੱਟ ਕੁੱਟ ਕੇ ਅੱਧਮਰਿਆ ਕਰ ਦਿੱਤਾ ਸੀ। ਘਟਨਾ ਤੋਂ ਬਾਅਦ ਸਾਰੇ ਦੋਸ਼ੀ ਫਰਾਰ ਹੋ ਗਏ।  ਪੁਲਿਸ ਨੇ ਮਾਮਲਾ ਦਰਜ ਕਰਕੇ ਛਾਣਬੀਣ ਸ਼ੁਰੂ ਕੀਤੀ। ਇਸ ਦੌਰਾਨ 19 ਫਰਵਰੀ ਨੂੰ ਪੁਲਿਸ ਰਾਜਿੰਦਰ ਲਵਲੀ ਨੂੰ ਗ੍ਰਿਫ਼ਤਾਰ ਕਰਨ ਪੁੱਜੀ ਤਾਂ ਉਸੇ ਦੌਰਾਨ 50-60 ਰਾਜਿੰਦਰ ਦੇ ਗੁੰਡਿਆਂ ਨੇ ਪੁਲਿਸ ਟੀਮ 'ਤੇ ਹਮਲਾ ਕਰ ਦਿੱਤਾ।  ਸੰਦੀਪ ਉਸ ਵਿਚ ਸ਼ਾਮਲ ਰਿਹਾ। ਪੁਲਿਸ ਨੇ ਉਸ ਸਮੇਂ ਰਾਜਿੰਦਰ ਲਵਲੀ ਨੂੰ ਗ੍ਰਿਫਤਾਰ ਕਰ ਲਿਆ। ਇਧਰ ਸੰਦੀਪ ਅਪਣੇ ਸਾਥੀ ਦੇ ਨਾਲ ਮੌਕੇ ਤੋਂ ਫਰਾਰ ਹੋ ਗਿਆ। ਹੁਣ ਪੁਲਿਸ ਨੇ ਉਸ ਨੂੰ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ।

ਹੋਰ ਖਬਰਾਂ »