ਵਾਸ਼ਿੰਗਟਨ, 6 ਅਗਸਤ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਸਰਕਾਰ ਨੇ ਅਪਣੀ ਧਰਤੀ 'ਤੇ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਘਟਾ ਕੇ ਅੱਧੀ ਕਰ ਦਿਤੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੈਨੇਟ ਮੈਂਬਰਾਂ ਵਲੋਂ ਪੇਸ਼ ਕੀਤੇ ਉਸ ਕਾਨੂੰਨ ਨੂੰ ਪ੍ਰਵਾਨਗੀ ਦੇ ਦਿਤੀ ਜਿਸ ਤਹਿਤ ਅਮਰੀਕਾ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਿਚ ਪਹਿਲੇ ਸਾਲ 41 ਫ਼ੀ ਸਦੀ ਕਟੌਤੀ ਵਿਚ ਕੀਤੀ ਜਾਵੇਗੀ ਅਤੇ ਆਉਂਦੇ 10 ਸਾਲ ਦੌਰਾਨ ਇਹ ਅੰਕੜਾ 50 ਫ਼ੀ ਸਦੀ ਤਕ ਪੁੱਜ ਜਾਵੇਗਾ। ਸਿਰਫ਼ ਐਨਾ ਹੀ ਨਹੀਂ ਨਵੇਂ ਕਾਨੂੰਨ ਤਹਿਤ ਅਮਰੀਕਾ ਆਉਣ ਵਾਲੇ ਪ੍ਰਵਾਸੀ ਪੰਜ ਸਾਲ ਤਕ ਸਮਾਜ ਭਲਾਈ ਸਕੀਮਾਂ ਦੇ ਹੱਕਦਾਰ ਨਹੀਂ ਹੋਣਗੇ। ਬੇਰੁਜ਼ਗਾਰੀ ਦੀ ਦਰ 2001 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ 'ਤੇ ਹੋਣ ਦੇ ਬਾਵਜੂਦ ਨਵਾਂ ਕਾਨੂੰਨ ਪਾਸ ਕੀਤੇ ਜਾਣ ਤੋਂ ਇੰਮੀਗ੍ਰੇਸ਼ਨ ਪੱਖੀ ਜਥੇਬੰਦੀਆਂ ਅਤੇ ਕਾਰੋਬਾਰੀ ਖੇਤਰਰ ਦੇ ਨੁਮਾਇੰਦੇ ਹੈਰਾਨ ਹਨ। ਰਿਪਬਲਿਕਲ ਸੈਨੇਟ ਮੈਂਬਰ ਟੌਮ ਕੌਟਨ ਦੀ ਅਗਵਾਈ ਹੇਠ ਪੇਸ਼ ਕੀਤਾ ਗਿਆ 'ਰਿਫ਼ਾਰਮਿੰਗ ਅਮੈਰਿਕਨ ਇੰਮੀਗ੍ਰੇਸ਼ਨ ਫ਼ਾਰਮ ਸਟ੍ਰਾਂਗ ਇੰਪਲਾਇਮੈਂਟ' (ਰੇਜ਼) ਐਕਟ ਰਾਸ਼ਟਰਪਤੀ ਦੀਆਂ ਇਛਾਵਾਂ ਮੁਤਾਬਕ ਹੈ ਜਿਨ•ਾਂ ਨੇ ਫ਼ਰਵਰੀ ਵਿਚ ਸੰਸਦ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਉਹ ਅਮਰੀਕੀ ਇੰਮੀਗ੍ਰੇਸ਼ਨ ਪ੍ਰਣਾਲੀ ਨੂੰ ਵੀ ਕੈਨੇਡਾ ਅਤੇ ਆਸਟ੍ਰੇਲੀਆ ਦੀ ਤਰਜ਼ 'ਤੇ ਮੈਰਿਟ ਆਧਾਰਤ ਕਰਨਾ ਚਾਹੁੰਦੇ ਹਨ। ਟਰੰਪ ਅਹੁਦਾ ਸੰਭਾਲਣ ਸਮੇਂ ਤੋਂ ਹੀ ਹਰ ਖੇਤਰ ਵਿਚ ਅਮਰੀਕੀਆਂ ਨੂੰ ਤਰਜੀਹ ਦਿਤੇ ਜਾਣ ਦੀ ਵਕਾਲਤ ਕਰਦੇ ਆਏ ਹਨ।

ਹੋਰ ਖਬਰਾਂ »