ਨਵੀਂ ਦਿੱਲੀ: 10 ਅਗਸਤ (ਹਮਦਰਦ ਨਿਊਜ਼ ਸਰਵਿਸ)  : ਭੂਟਾਨ ਸਰਕਾਰ ਨੇ ਚੀਨ ਦੇ ਉਸ ਦਾਅਵੇ ਨੂੰ ਖਾਰਜ਼ ਕਰ ਦਿੱਤਾ, ਜਿਸ ਵਿੱਚ ਕਿਹਾ ਕਿਆ ਸੀ ਕਿ ਭੂਟਾਨ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਡੋਕਲਾਮ ਦਾ ਖੇਤਰ ਉਸ ਦਾ ਇਲਾਕਾ ਨਹੀਂ ਹੈ। ਭੂਟਾਨ ਸਰਕਾਰ ਦੇ ਅਧਿਕਾਰੀ ਨੇ ਕਿਹਾ ਕਿ ਡੋਕਲਾਮ 'ਤੇ ਭੂਟਾਨ ਦੀ ਸਥਿਤੀ ਬਿਲਕੁਲ ਸਾਫ਼ ਹੈ। ਉਨਾਂ ਕਿਹਾ ਕਿ ਭੂਟਾਨ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ। ਉਨਾਂ ਸਾਫ਼ ਸ਼ਬਦਾਂ 'ਚ ਕਿਹਾ ਕਿ ਚੀਨ ਦਾ ਇਹ ਦਾਅਵਾ ਬਿਲਕੁਲ ਝੂਠਾ ਹੈ ਅਤੇ ਡੋਕਲਾਮ ਚੀਨ ਦਾ ਹਿੱਸਾ ਨਹੀਂ ਹੈ। ਤੁਹਾਨੂੰ ਦੱਸ ਦੀਏ ਕਿ ਚੀਨ ਦੀ ਇੱਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਇੱਕ ਹੈਰਾਨ ਕਰਨਾ ਵਾਲਾ ਤੇ ਬੇਬੁਨਿਆਦ ਦਾਅਵਾ ਕੀਤਾ ਕਿ ਭੂਟਾਨ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਸੀ ਕਿ ਡੋਕਲਾਮ ਦਾ ਖੇਤਰ ਉਸ ਦਾ ਆਪਣਾ ਇਲਾਕਾ ਨਹੀਂ ਹੈ। ਦੱਸ ਦੀਏ ਕਿ ਇਸ ਇਲਾਕੇ 'ਚ ਭਾਰਤ ਤੇ ਚੀਨੀ ਫੌਜ ਵਿਚਾਲੇ ਤਣਾਅ ਲਗਾਤਾਰ ਵਧ ਰਿਹਾ ਹੈ। ਸਰਹੱਦੀ ਮੁੱਦੇ 'ਤੇ ਚੀਨ ਦੀ ਸੀਨੀਅਰ ਸਫ਼ੀਰ ਬਾਂਗ ਬੇਨਲੀ ਨੇ ਭਾਰਤੀ ਮੀਡੀਆ ਪ੍ਰਤੀ ਵਫ਼ਦ ਨੂੰ ਕਿਹਾ ਕਿ ਭੂਟਾਨ ਨੇ ਬੀਜਿੰਗ ਨੂੰ ਸਫ਼ੀਰਾਂ ਦੇ ਮਾਧੀਅਮ ਰਾਹੀਂ ਇਸ ਗੱਲ ਤੋਂ ਜਾਣੂ ਕਰਵਾਇਆ ਹੈ ਕਿ ਜਿਸ ਇਲਾਕੇ ਨੂੰ ਲੈ ਕੇ ਵਿਵਾਦ ਜਾਰੀ ਹੈ, ਉਹ ਉਸ ਦਾ ਇਲਾਕਾ ਨਹੀਂ ਹੈ। ਹਾਲਾਂਕਿ ਉਨਾਂ ਨੇ ਇਸ ਦਾਅਵੇ ਲਈ ਕੋਈ ਠੋਸ ਸਬੂਤ ਮੁਹੱਈਆ ਨਹੀਂ ਕਰਵਾਇਆ। ਉਨਾਂ ਦਾ ਦਾਅਵਾ ਭੂਟਾਨ ਦੇ ਰਵੱਈਏ ਅਤੇ ਕਾਰਵਾਈਆਂ ਤੋਂ ਪੂਰੀ ਤਰਾਂ ਵੱਖ ਹੈ। ਦਰਅਸਲ ਇਸ ਤੋਂ ਪਹਿਲਾਂ ਚੀਨ ਨੇ 16 ਜੂਨ ਨੂੰ ਡੋਕਲਾਮ ਇਲਾਕੇ 'ਚ ਇੱਕ ਸੜਕ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਬਾਂਗ ਨੇ ਕਿਹਾ ਕਿ ਘਟਨਾ ਤੋਂ ਬਾਅਦ ਭੂਟਾਨ ਨੇ ਸਪੱਸ਼ਟ ਕਰ ਦਿੱਤਾ ਕਿ ਜਿੱਥੇ ਘੁਸਪੈਠ ਹੋਈ, ਉਹ ਸਥਾਨ ਭੂਟਾਨ ਦਾ ਖੇਤਰ ਨਹੀਂ ਹੈ। ਬਾਂਗ ਚੀਨੀ ਵਿਦੇਸ਼ ਮੰਤਰਾਲੇ ਦੀ ਸਰਹੱਦ ਤੇ ਸਾਗਰ ਵਿਭਾਗ ਦੀ ਉਪ ਡਾਇਰੈਕਟਰ ਜਨਰਲ ਹਨ। ਉਨਾਂ ਕਿਹਾ ਕਿ ਭੂਟਾਨ ਨੂੰ ਇਹ ਬਹੁਤ ਅਜੀਬ ਲੱਗਾ ਕਿ ਭਾਰਤੀ ਫੌਜੀ ਚੀਨੀ ਸਰਜ਼ਮੀਨ 'ਤੇ ਹਨ। ਉਨਾਂ ਦੱਸਿਆ ਕਿ ਉਨਾਂ ਦਾ ਇਹ ਵਿਚਾਰ ਭੂਟਾਨ ਦੀ ਸਰਕਾਰੀ ਮੀਡੀਆ ਅਤੇ ਕਾਨੂੰਨੀ ਸੁਰਖ਼ੀਆਂ ਬਣੀਆਂ ਸੂਚਨਾਵਾਂ ਤੋਂ ਆਇਆ ਹੈ, ਜੋ ਕਿਤੇ ਜ਼ਿਆਦਾ ਭਰੋਸੇਯੋਗ ਸੂਚਨਾਵਾਂ ਹਨ।
ਗੌਰਤਲਬ ਹੈ ਕਿ 30 ਜੂਨ ਨੂੰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕੀਤਾ ਸੀ। 16 ਜੂਨ ਨੂੰ ਚੀਨੀ ਫੌਜੀ ਉਸਾਰੀ ਅਧੀਨ ਦਲ ਸਮੇਤ ਡੋਕਲਾਮ ਇਲਾਕੇ 'ਚ ਦਾਖ਼ਲ ਹੋਏ ਅਤੇ ਇੱਕ ਸੜਕ ਬਣਾਉਣ ਦੀ ਕੋਸ਼ਿਸ਼ ਕਰਨ ਲੱਗੇ। ਸਾਨੂੰ ਇਹ ਸਮਝ 'ਚ ਆਇਆ ਹੈ ਕਿ ਰਾਇਲ ਭੂਟਾਨ ਆਰਮੀ ਦੀ ਇੱਕ ਗਸ਼ਤੀ ਟੀਮ ਨੇ ਇਸ ਇੱਕ ਪਾਸੜ ਹਰਕਤ ਤੋਂ ਉਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਭਾਰਤ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਸੀ ਕਿ ਭੂਟਾਨੀ ਵਿਦੇਸ਼ ਮੰਤਰਾਲੇ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਭੂਟਾਨ ਦੀ ਸਰਜ਼ਮੀਨ ਅੰਦਰ ਇੱਕ ਸੜਕ ਦਾ ਨਿਰਮਾਣ ਭੂਟਾਨ ਅਤੇ ਚੀਨ ਵਿਚਾਲੇ ਹੋਏ 1988 ਅਤੇ 1998 ਦੇ ਕਰਾਰ ਦਾ ਸਿੱਧੇ ਤੌਰ 'ਤੇ ਉਲੰਘਣ ਹੈ। ਇਹ ਇਨਾਂ ਦੋਵੇਂ ਦੇਸ਼ਾਂ ਵਿਚਾਲੇ ਸਰਹੱਦੀ ਪ੍ਰਕਿਰਿਆ ਨੂੰ ਪ੍ਰਭਾਵਤ ਕਰਦਾ ਹੈ।  ਬਾਂਗ ਨੇ ਕਿਹਾ ਕਿ ਭੂਟਾਨ ਭਾਰਤ ਅਤੇ ਚੀਨ ਦੇ ਫੌਜੀਆਂ ਵੱਲੋਂ ਇਸ ਦੀ ਜ਼ਮੀਨ ਤੋਂ ਕੀਤੀ ਗਈ ਕਾਰਵਾਈ 'ਤੇ ਗੌਰ ਕਰ ਰਿਹਾ ਹੈ। ਭੂਟਾਨ ਦਾ ਚੀਨ ਨਾਲ ਕੋਈ ਸਿੱਧਾ ਰਾਜਨੀਤਿਕ ਸਬੰਧ ਨਹੀਂ ਹੈ ਅਤੇ ਉਹ ਨਵੀਂ ਦਿੱਲੀ ਸਥਿਤ ਆਪਣੇ ਸਫ਼ਾਰਤਖ਼ਾਨੇ ਦੇ ਜ਼ਰੀਏ ਬੀਜਿੰਗ ਨਾਲ ਸੰਪਰਕ ਰੱਖਦਾ ਹੈ।

ਹੋਰ ਖਬਰਾਂ »