ਚੰਡੀਗੜ੍ਹ, 11 ਅਗਸਤ (ਹਮਦਰਦ ਨਿਊਜ਼ ਸਰਵਿਸ) : ਪੰਜਾਬੀ ਗਾਇਕ ਜਰਨੈਲ ਸਿੰਘ ਉਰਫ ਜੈਲੀ ਅਤੇ ਚਰਨਪ੍ਰੀਤ 'ਤੇ ਦਰਜ ਅਗਵਾ ਦੇ ਮਾਮਲੇ ਵਿਚ ਸ਼ਿਕਾਇਤਕਰਤਾ ਪੰਜਾਬੀ ਮਾਡਲ ਨੇ ਜ਼ਿਲ੍ਹਾ ਅਦਾਲਤ ਵਿਚ ਬਿਆਨ ਦਰਜ ਕਰਾਏ। ਸ਼ਿਕਾਇਤਕਰਤਾ ਨੇ ਅਦਾਲਤ ਵਿਚ ਜੈਲੀ ਅਤੇ ਚਰਨਪ੍ਰੀਤ ਦੇ ਖ਼ਿਲਾਫ਼ ਗਵਾਹੀ ਦਿੱਤੀ। ਬਿਆਨ ਵਿਚ ਉਸ ਨੇ ਕਿਹਾ ਕਿ ਦੋਵਾਂ ਨੇ ਉਸ ਨੂੰ ਘਰ ਤੋਂ ਅਗਵਾ ਕੀਤਾ ਸੀ। ਮਾਮਲੇ ਦੀ ਅਗਲੀ ਸੁਣਵਾਈ 'ਤੇ ਸ਼ਿਕਾਇਤਕਰਤਾ ਦਾ ਕਰਾਸ ਹੋਵੇਗਾ।
ਮਾਮਲੇ ਵਿਚ ਸ਼ਿਕਾਇਤਕਰਤਾ ਪੰਜਾਬੀ ਐਕਟਰ ਦੇ ਬਿਆਨ ਦਰਜ ਹੋਏ। ਅਦਾਲਤ ਵਿਚ ਦਿੱਤੇ ਬਿਆਨ ਵਿਚ ਉਸ ਨੇ ਕਿਹਾ ਕਿ 17 ਦਸੰਬਰ 2014 ਦੀ ਰਾਤ ਕਰੀਬ 12 ਵਜੇ ਜਰਨੈਲ ਸਿੰਘ ਉਰਫ ਜੈਲੀ ਅਤੇ ਉਸ ਦਾ ਦੋਸਤ ਚਰਨਪ੍ਰੀਤ ਅਤੇ ਗੋਲਡੀ ਨੇ ਉਸ ਨੂੰ ਧੱਕੇ ਨਾਲ ਚੰਡੀਗੜ੍ਹ ਸੈਕਟਰ 39 ਸਥਿਤ ਘਰ ਦੇ ਬਾਹਰ ਬੁਲਾਇਆ। ਇੱਥੋਂ ਦੋਸ਼ੀ ਉਸ ਨੂੰ ਚੁੱਕ ਕੇ ਕਾਰ ਵਿਚ ਲੈ ਗਏ। ਕਾਰ ਵਿਚ ਉਨ੍ਹਾਂ ਨੇ ਉਸ ਨੂੰ ਕੁੱਟਿਆ, ਉਸ ਨੇ ਰੌਲਾ ਪਾਇਆ ਤਾਂ ਕਿਰਚ ਨਾਲ ਹਮਲਾ ਕਰ ਦਿੱਤਾ। ਦੋਸ਼ੀ ਉਸ ਨੂੰ ਮੋਹਾਲੀ ਵੱਲ ਲੈ ਗਏ। ਕਾਰ ਵਿਚ ਉਸ ਨਾਲ ਮਾਰਕੁੱਟ ਕਰਦੇ ਹੋਏ ਉਹ ਉਸ ਨੂੰ ਮੋਹਾਲੀ ਫੇਜ਼ 6 ਦੇ ਇਕ ਗਾਰਡਨ ਦੇ ਕੋਲ ਸੁੱਟ ਗਏ। ਇਸ ਤੋਂ ਪਹਿਲਾਂ ਸਤੰਬਰ 2014 ਵਿਚ ਦੋਸ਼ੀਆਂ ਨੇ ਉਸ ਨੂੰ ਇਕ ਵੀਡੀਓ ਵਿਚ ਕੰਮ ਦਿਵਾਉਣ ਦੇ ਬਹਾਨੇ ਉਸ ਨਾਲ ਕਈ ਵਾਰ ਰੇਪ ਕੀਤਾ ਸੀ। ਪੀੜਤਾ ਨੇ ਇਸ ਸਬੰਧ ਵਿਚ ਚੰਡੀਗੜ੍ਹ ਅਤੇ ਮੋਹਾਲੀ ਵਿਚ ਅਲੱਗ ਅਲੱਗ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਦੇ ਅਧਾਰ 'ਤੇ ਜੈਲੀ ਸਮੇਤ ਹੋਰ ਦੇ ਖ਼ਿਲਾਫ਼ ਮੋਹਾਲੀ ਅਤੇ ਚੰਡੀਗੜ੍ਹ ਵਿਚ ਅਲੱਗ ਅਲੱਗ ਧਾਰਾਵਾਂ ਵਿਚ ਕੇਸ ਦਰਜ ਕੀਤਾ ਗਿਆ ਸੀ। ਚੰਡੀਗੜ੍ਹ ਪੁਲਿਸ ਨੇ ਇਸ ਸਾਲ ਮਈ ਵਿਚ ਜੈਲੀ ਖ਼ਿਲਾਫ਼ ਚਾਲਾਨ ਪੇਸ਼ ਕੀਤਾ ਸੀ। ਪਿਛਲੀ ਸੁਣਵਾਈ 'ਤੇ ਜੈਲੀ ਅਤੇ ਦੂਜੇ ਦੋਸ਼ੀ ਦੇ ਖ਼ਿਲਾਫ਼ ਦੋਸ਼ ਤੈਅ ਕੀਤੇ ਗਏ ਸੀ। ਅਪ੍ਰੈਲ ਵਿਚ ਹੀ ਜੈਲੀ ਨੇ ਮੋਹਾਲੀ ਵਿਚ ਦਰਜ ਇਸੇ ਮਾਮਲੇ ਨਾਲ ਜੁੜੇ ਬਲਾਤਕਾਰ, ਅਗਵਾ ਦੇ ਕੇਸ ਵਿਚ ਕੋਰਟ ਵਿਚ ਸਰਡੰਰ ਕੀਤਾ ਸੀ।

ਹੋਰ ਖਬਰਾਂ »

ਰਾਸ਼ਟਰੀ