ਮੁੰਬਈ, 11 ਅਗਸਤ (ਹਮਦਰਦ ਨਿਊਜ਼ ਸਰਵਿਸ) : ਡੌਨ ਦਾਊਦ ਇਬਰਾਹਿਮ ਪਾਕਿਸਤਾਨ ਵਿਚ ਹੀ ਹੈ, ਇਹ ਗੱਲ ਇਕ ਵਾਰ ਮੁੜ ਸਾਬਤ ਹੋ ਗਈ ਹੈ। ਇਕ ਅੰਗਰੇਜ਼ੀ ਚੈਨਲ ਦਾ ਦਾਅਵਾ ਹੈ ਕਿ ਉਸ ਨੇ ਦਾਊਦ ਨਾਲ ਪਾਕਿਸਤਾਨ ਦੇ ਨੰਬਰ 'ਤੇ ਮਈ ਮਹੀਨੇ ਵਿਚ ਗੱਲਬਾਤ ਕੀਤੀ ਹੈ। ਇਸ ਗੱਲ ਨੂੰ ਚੈਨਲ ਨੇ ਬੀਤੇ ਦਿਨ ਦਿਖਾਇਆ। ਦਾਊਦ ਦੇ ਕੁਝ ਮਹੀਨੇ ਪਹਿਲਾਂ ਗੰਭੀਰ ਬਿਮਾਰ ਹੋਣ ਅਤੇ ਹਸਪਤਾਲ ਵਿਚ ਭਰਤੀ ਹੋਣ ਦੀ ਖ਼ਬਰ ਮੀਡੀਆ ਵਿਚ ਚਲੀ ਸੀ ਪਰ ਦਾਊਦ ਨੇ ਚੈਨਲ ਨਾਲ ਦਾਅਵਾ ਕੀਤਾ ਸੀ ਕਿ ਉਸ ਨੂੰ ਨਾ ਹੀ ਦਿਲ ਦਾ ਦੌਰਾ ਪਿਆ ਹੈ ਅਤੇ ਨਾ ਹੀ ਉਸ ਨੂੰ ਗੈਂਗਰੀਨ ਜਿਹੀ ਬਿਮਾਰੀ ਹੈ।
ਉਸ ਨੇ ਕਿਹਾ ਕਿ ਬਸ ਇਕ ਵਾਰ ਉਸ ਦਾ ਬਲੱਡ ਪ੍ਰੈਸ਼ਰ ਵਧ ਗਿਆ ਸੀ। ਦੱਸ ਦੇਈਏ ਕਿ ਪਾਕਿਸਤਾਨ ਹਮੇਸ਼ਾ ਭਾਰਤ ਦੇ ਇਸ ਦਾਅਵੇ ਨੂੰ ਨਕਾਰਦਾ ਆਇਆ ਹੈ ਕਿ ਦਾਊਦ ਪਾਕਿਸਤਾਨ ਵਿਚ ਹੈ, ਲੇਕਿਨ ਇਸ ਸਨਸਨੀਖੇਜ ਖੁਲਾਸੇ ਤੋਂ ਬਾਅਦ ਪਾਕਿ ਦੀ ਸਾਰੀ ਦਲੀਲਾਂ ਬੇਬੁਨਿਆਦ ਸਾਬਤ ਹੋਈਆਂ ਹਨ। ਇਸ ਲਈ ਕਿਉਂਕਿ ਫੋਨ 'ਤੇ ਹੋਈ ਸਿੱਧੀ ਗੱਲਬਾਤ ਵਿਚ ਖੁਦ ਦਾਊਦ ਨੇ ਕਬੂਲਿਆ ਕਿ ਉਹ ਕਰਾਚੀ ਵਿਚ ਰਹਿ ਰਿਹਾ ਹੈ।
ਸਬੰਧਤ ਚੈਨਲ ਦਾ ਦਾਅਵਾ ਹੈ ਕਿ ਇਹ ਪਹਿਲੀ ਵਾਰ ਹੈ ਜਦ ਦਾਊਦ ਨੇ ਕਿਸੇ ਟੀਵੀ ਚੈਨਲ ਨਾਲ ਸਿੱਧੀ ਗੱਲਬਾਤ ਕੀਤੀ। ਚੈਨਲ ਦਾ ਦਾਅਵਾ ਹੈ ਕਿ ਉਸ ਦੇ ਸੰਪਾਦਕ ਨੇ ਦਾਊਦ ਨਾਲ ਮਈ ਮਹੀਨੇ ਵਿਚ ਸੰਪਰਕ ਕੀਤਾ ਸੀ। ਇਸ ਤੋਂ ਬਾਅਦ ਇਸ ਗੱਲਬਾਤ ਦੇ ਆਡੀਓ ਦੀ ਪੂਰੀ ਜਾਂਚ ਕੀਤੀ ਗਈ। ਦੋ ਮਹੀਨੇ ਤੱਕ ਜਾਂਚ ਹੋਣ ਤੋਂ ਬਾਅਦ ਜਦ ਇਹ ਪੁਖਤਾ ਹੋ ਗਿਆ ਕਿ ਫੋਨ ਆਡੀਓ ਵਿਚ ਆਵਾਜ਼ ਦਾਊਦ ਦੀ ਹੀ ਹੈ, ਤਦ ਇਸ ਚੈਨਲ ਅਨੁਸਾਰ ਇਸ ਗੱਲ ਦਾ ਖੁਲਾਸਾ ਲੋਕਾਂ ਦੇ ਸਾਹਮਣੇ ਕੀਤਾ ਗਿਆ।

ਹੋਰ ਖਬਰਾਂ »