ਰਿਆਦ 'ਚ ਮਾਲਕ ਕਰਦਾ ਸੀ ਸਰੀਰਕ ਸ਼ੋਸ਼ਣ ਸੁਸ਼ਮਾ ਸਵਰਾਜ ਨੇ ਭਾਰਤ ਵਾਪਸ ਆਉਣ 'ਚ ਕੀਤੀ ਮਦਦ

ਹੈਦਰਾਬਾਦ, 10 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਤੋਂ ਸਾਊਦੀ ਅਰਬ ਵਿੱਚ ਨੌਕਰੀ ਕਰਨ ਗਈ ਭਾਰਤੀ ਮੁਟਿਆਰ ਹੁਮੈਰਾ ਬੇਗਮ ਆਖਰਕਾਰ ਭਾਰਤ ਪਰਤ ਆਈ ਹੈ। ਹੁਮੈਰਾ ਨੂੰ ਉਸ ਦੇ ਮਾਲਕ ਨੇ ਉੱਥੇ ਬੰਦੀ ਬਣਾ ਕੇ ਰੱਖਿਆ ਹੋਇਆ ਸੀ। ਉਹ ਉਸ ਦਾ ਸਰੀਰਕ ਸ਼ੋਸ਼ਣ ਕਰਦਾ ਸੀ ਤੇ ਬੁਰੀ ਤਰ੍ਹਾਂ ਕੁੱਟਮਾਰ ਕਰਦਾ ਰਹਿੰਦਾ ਸੀ। ਹੁਮੈਰਾ ਦਾ ਪਾਸਪੋਰਟ ਵੀ ਖੋਹ ਲਿਆ ਗਿਆ ਸੀ ਅਤੇ ਉਸ ਨੂੰ ਘਰੋਂ ਨਹੀਂ ਨਿਕਲਣ ਦਿੱਤਾ ਜਾਂਦਾ ਸੀ। ਇਸ ਤੋਂ ਬਾਅਦ ਭਾਰਤ ਵਿੱਚ ਰਹਿ ਰਹੀ ਹੁਮੈਰਾ ਦੀ ਭੈਣ ਰੇਸ਼ਮਾ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਦਦ ਦੀ ਗੁਹਾਰ ਲਾਈ ਸੀ। ਭਾਰਤ ਪਰਤਣ 'ਤੇ ਹੁਮੈਰਾ ਨੇ ਮੀਡੀਆ ਨਾਲ ਗੱਲਬਾਤ ਵਿੱਚ ਦੱਸਿਆ ਕਿ ਉਹ ਬਹੁਤ ਮੁਸ਼ਕਲ ਵਿੱਚ ਸੀ। ਇੱਥੋਂ ਤੱਕ ਕਿ ਉਸ ਨੂੰ ਭੁੱਖਾ ਰਹਿਣ ਲਈ ਮਜਬੂਰ ਕੀਤਾ ਜਾਂਦਾ ਸੀ। ਪੀੜਤਾ ਹੁਮੈਰਾ ਦੀ ਭੈਣ ਰੇਸ਼ਮਾ ਦੇ ਮੁਤਾਬਕ ਉਹ 23 ਜੁਲਾਈ ਨੂੰ ਏਜੰਟ ਸਈਅਦ ਦੀ ਮਦਦ ਨਾਲ ਨੌਕਰੀ ਦੀ ਭਾਲ ਵਿੱਚ ਰਿਆਦ ਗਈ ਸੀ। ਸਈਅਦ ਨੇ ਉਸ ਨੂੰ ਕਿਹਾ ਸੀ ਕਿ ਉੱਥੇ ਉਸ ਨੂੰ ਇੱਕ ਪਰਿਵਾਰ ਦੀ ਦੇਖਭਾਲ ਕਰਨੀ ਹੋਵੇਗੀ, ਜਿੱਥੇ ਉਸ ਨੂੰ 25 ਹਜ਼ਾਰ ਰੁਪਏ ਤਨਖਾਹ ਦੇ ਤੌਰ 'ਤੇ ਮਿਲਣਗੇ। ਭਰ ਉੱਥੇ ਘਰ ਦੇ ਮਾਲਕ ਨੇ ਉਸ ਨਾਲ ਕੁੱਟਮਾਰ ਅਤੇ ਸਰੀਰਕ ਸ਼ੋਸ਼ਣ ਕੀਤਾ। ਇੰਨਾ ਹੀ ਨਹੀਂ, ਉਸ ਨੂੰ ਭੁੱਖਾ ਵੀ ਰੱਖਿਆ ਜਾਂਦਾ ਸੀ। ਹੁਮੈਰਾ ਨੇ ਇੱਕ ਦਿਨ ਫੋਨ 'ਤੇ ਆਪਣੀ ਭੈਣ ਰੇਸ਼ਮਾ ਨੂੰ ਆਪਬੀਤੀ ਸੁਣਾਈ। ਇਸ ਤੋਂ ਬਾਅਦ ਉਸ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅੱਗੇ ਹੁਮੈਰਾ ਨੂੰ ਵਾਪਸ ਭਾਰਤ ਲਿਆਉਣ ਦੀ ਗੁਹਾਰ ਲਾਈ ਸੀ। ਇਸ 'ਤੇ ਵਿਦੇਸ਼ ਮੰਤਰੀ ਨੇ ਉਸ ਦੇ ਭਾਰਤ ਵਾਪਸ ਆਉਣ ਵਿੱਚ ਮਦਦ ਕੀਤੀ।

ਹੋਰ ਖਬਰਾਂ »