ਮੋਗਾ, 11 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਪਿੰਡ ਸੱਦਾ ਸਿੰਘ ਵਾਲਾ ਵਿਚ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੇ ਲਈ ਗੁਰਦੁਆਰਾ ਸਾਹਿਬ ਵਿਚ ਦੋ ਗੁੱਟਾਂ ਵਿਚ ਖੂਨੀ ਝੜਪ ਹੋ ਗਈ। ਇਸ ਦੌਰਾਨ ਤਲਵਾਰਾਂ ਚੱਲੀਆਂ ਤੇ ਧੱਕਾਮੁੱਕੀ ਦੌਰਾਨ ਕਈਆਂ ਦੀਆਂ ਪੱਗਾਂ ਵੀ ਉਤਰ ਗਈਆਂ। ਕਈਆਂ ਨੇ ਭੱਜ ਕੇ ਜਾਨ ਬਚਾਈ। ਇਸ ਦੌਰਾਨ ਇਕ ਮਹਿਲਾ ਸਮੇਤ 7 ਲੋਕ ਜ਼ਖਮੀ ਹੋ ਗਏ ਸੀ। ਉਹ ਸਥਾਨਕ ਸਿਵਲ ਹਸਪਤਾਲ ਵਿਚ ਦਾਖ਼ਲ ਹਨ। ਪਿੰਡ ਸੱਦਾ ਸਿੰਘ ਵਾਲਾ ਵਿਚ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਗੁਟਾਂ ਵਿਚ ਕਰੀਬ ਢਾਈ ਮਹੀਨੇ ਤੋਂ ਟਕਰਾ ਦੀ ਸਥਿਤੀ ਬਣੀ ਹੋਈ ਹੈ। ਬੀਤੀ 23 ਜੁਲਾਈ ਨੂੰ ਦੋਵੇਂ ਗੁੱਟਾਂ ਨੇ ਗੁਰਦੁਆਰਾ ਸਾਹਿਬ ਦੀ ਗੋਲਕ ਨੂੰ ਤਾਲਾ ਲਗਾ ਦਿੱਤਾ ਸੀ। ਇਸ ਮੁੱਦੇ ਦੇ ਹਲ ਦੇ ਲਈ ਇਸ ਹਲਕੇ ਤੋਂ ਕਾਂਗਰਸੀ ਵਿਧਾਇਕ ਡਾ. ਹਰਜੋਤ ਕਮਲ ਸਿੰਘ ਐਤਵਾਰ ਦੁਪਹਿਰ ਬਾਅਦ ਕਰੀਬ ਦੋ ਵਜੇ ਗੁਰਦੁਆਰਾ ਸਾਹਿਬ ਪਹੁੰਚੇ। ਇਸ ਦੌਰਾਨ ਡੀਐਸਪੀ ਸਿਟੀ ਗੋਬਿੰਦਰ ਸਿੰਘ ਵੀ ਮੌਜੂਦ ਸੀ। ਮੌਕੇ 'ਤੇ ਵਿਧਾਇਕ ਨੇ ਦੋਵੇਂ ਗੁੱਟਾਂ ਦਾ ਪੱਖ ਸੁਣਿਆ। ਉਨ੍ਹਾਂ ਨਾਲ ਮੁੜ 12 ਸਤੰਬਰ ਨੂੰ 3 ਵਜੇ ਗੁਰਦੁਆਰਾ ਸਾਹਿਬ ਵਿਚ ਬੈਠਕ ਕਰਨ ਦਾ ਸਮਾਂ ਰੱਖ ਲਿਆ।  ਇਸ ਤੋਂ ਬਾਅਦ ਵਿਧਾਇਕ ਗੁਰਦੁਆਰਾ ਸਾਹਿਬ ਤੋਂ ਬਾਹਰ ਹੀ ਨਿਕਲੇ ਸੀ ਕਿ ਦੋਵੇਂ ਗੁੱਟਾਂ ਵਿਚ ਬਹਿਸ ਤੋਂ ਬਾਅਦ  ਤਲਵਾਰਾਂ ਤੇ ਧੱਕਾਮੁੱਕੀ ਸ਼ੁਰੂ ਹੋ ਗਈ। ਇਸ ਦੌਰਾਨ ਲੋਕਾਂ ਨੇ ਭੱਜ ਕੇ ਜਾਨ ਬਚਾਈ। ਇਸ ਮੌਕੇ ਕਈਆਂ ਦੀਆਂ ਪੱਗਾਂ ਵੀ ਉਤਰ ਗਈਆਂ। ਇਸ ਮੌਕੇ 'ਤੇ  ਡੀਐਸਪੀ ਸਿਟੀ ਗੋਬਿੰਦਰ ਸਿੰਘ ਨੇ ਅਪਣੇ ਗੰਨਮੈਨਾਂ ਦੇ ਨਾਲ ਲੋਕਾਂ ਨੂੰ ਖਦੇੜਿਆ ਅਤੇ ਸਥਿਤੀ 'ਤੇ ਕੰਟਰੋਲ ਕੀਤਾ। ਕਈ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਾਉਣਾ ਪਿਆ।  ਡੀਐਸਪੀ ਸਿਟੀ ਗੋਬਿੰਦਰ ਸਿੰਘ ਨੇ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

ਹੋਰ ਖਬਰਾਂ »