ਚੰਡੀਗੜ੍ਹ, 13 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਡੇਰਾ ਮੁਖੀ ਨੂੰ ਐਮਰਜੈਂਸੀ ਸੇਵਾਵਾਂ ਦੇ ਲਈ ਵੀ ਫਿਲਹਾਲ ਜੇਲ੍ਹ ਤੋਂ ਬਾਹਰ ਨਹੀਂ ਲਿਆਇਆ ਜਾਵੇਗਾ। ਜੋ ਵੀ ਸੇਵਾਵਾਂ  ਹੋਣਗੀਆਂ ਉਸ ਨੂੰ ਜੇਲ੍ਹ ਦੇ ਅੰਦਰ ਹੀ ਉਪਲਬਧ ਕਰਵਾਈਆਂ ਜਾਣਗੀਆਂ। ਕਿਉਂਕਿ ਖੁਫ਼ੀਆ ਏਜੰਸੀਆਂ ਦਾ ਮੰਨਣਾ ਹੈ ਕਿ ਜੇਕਰ ਕਿਸੇ ਵੀ ਬਹਾਨੇ ਡੇਰਾ ਮੁਖੀ ਜੇਲ੍ਹ ਤੋਂ ਬਾਹਰ ਆਉਂਦਾ ਹੈ ਤਾਂ ਫੇਰ ਮਾਹੌਲ ਵਿਗੜ ਸਕਦਾ ਹੈ। ਕਿਉਂਕਿ ਡੇਰੇ ਦੇ ਕੁਰਬਾਨੀ ਦਸਤੇ ਅਜੇ ਪੂਰੀ ਤਰ੍ਹਾਂ ਸ਼ਾਂਤ ਨਹੀਂ ਹੋਏ ਹਨ।  ਇਨ੍ਹਾਂ  ਕੁਰਬਾਨੀ ਦਸਤਿਆਂ ਦੇ ਮੈਂਬਰਾਂ ਵਿਚ ਇਸ ਪੂਰੇ ਮਾਮਲੇ ਨੂੰ ਲੈ ਕੇ ਜ਼ਬਰਦਸਤ ਗੁੱਸਾ ਹੈ ਅਤੇ ਜੇਕਰ ਉਨ੍ਹਾਂ ਦੇ ਗੁੱਸੇ ਨੂੰ ਮੁੜ ਤੋਂ ਹਵਾ ਮਿਲੀ ਤਾਂ ਹਿੰਸਾ ਹੋ ਸਕਦੀ ਹੈ।  ਇਸੇ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਫਿਲਹਾਲ ਕਿਸੇ ਵੀ ਸੂਰਤ ਵਿਚ ਡੇਰਾ ਮੁਖੀ ਨੂੰ ਜੇਲ੍ਹ ਤੋਂ ਬਾਹਰ ਲਿਆਉਣ ਦੇ ਮੂਡ ਵਿਚ ਨਹੀਂ। ਇਸੇ ਦੇ ਚਲਦਿਆਂ ਸਥਾਨਕ ਰੋਹਤਕ ਪ੍ਰਸ਼ਾਸਨ ਨੂੰ  ਵੀ ਸਬੰਧਤ ਦਿਸ਼ਾ ਨਿਰਦੇਸ਼ ਭੇਜ ਦਿੱਤੇ ਗਏ ਹਨ। ਇਸੇ ਦੇ ਚਲਦਿਆਂ ਤਬੀਅਤ ਖਰਾਬ ਹੋਣ ਦੀ ਸ਼ਿਕਾਇਤ ਦੇ ਬਾਵਜੂਦ  ਡਾਕਟਰਾਂ ਦੀ ਟੀਮ  ਹੀ ਰੋਹਤਕ ਜੇਲ੍ਹ ਵਿਚ ਡੇਰਾ ਮੁਖੀ ਦੀ ਜਾਂਚ ਦੇ ਲਈ ਗਈ। ਗੌਰਤਲਬ ਹੈ ਕਿ ਜੇਲ੍ਹ ਪੁੱਜਣ ਤੋਂ ਬਾਅਦ ਹੀ ਡੇਰਾ ਮੁਖੀ ਲੱਕ ਦਰਦ ਅਤੇ  ਬੇਚੈਨੀ ਦੀ ਲਗਾਤਾਰ ਸ਼ਿਕਾਇਤਾਂ ਕਰ ਰਿਹਾ ਹੈ ਅਤੇ ਉਸ ਨੂੰ ਨੀਂਦ ਵੀ ਨਾ ਆਉਣ ਦੀ ਸ਼ਿਕਾਇਤ ਹੈ। ਹਰਿਆਣਾ ਸਰਕਾਰ ਦੇ ਇਕ ਸੀਨੀਅਰ ਅਫ਼ਸਰ ਨੇ ਦੱਸਿਆ ਕਿ ਡੇਰਾ ਮੁਖੀ ਨੂੰ ਜੇਲ੍ਹ ਤੋਂ ਬਾਹਰ ਲਿਆਉਣ ਦਾ ਜ਼ੋਖਮ ਫਿਲਹਾਲ ਨਹੀਂ ਚੁੱਕਿਆ ਜਾ ਸਕਦਾ। ਹਰ ਐਮਰਜੈਂਸੀ ਸੇਵਾ ਅੰਦਰ ਹੀ ਮਿਲੇਗੀ।

ਹੋਰ ਖਬਰਾਂ »