ਨਵੀਂ ਦਿੱਲੀ, 12 ਅਕਤੂਬਰ (ਹ.ਬ.) : ਵਿਦਿਆ ਬਾਲਨ ਇਨ੍ਹਾਂ ਦਿਨਾਂ ਅਪਣੀ 'ਮਨ ਕੀ ਬਾਤ' ਦੀ ਵਜ੍ਹਾ ਕਾਰਨ ਚਰਚਾ ਵਿਚ ਹੈ।  ਉਨ੍ਹਾਂ ਨੇ ਅਪਣੇ ਮਨ ਕੀ ਬਾਤ ਰੇਡੀਓ 'ਤੇ ਨਹੀਂ ਬਲਕਿ ਇਕ ਸ਼ੋਅ 'ਤੇ ਕੀਤੀ ਹੈ। ਨੇਹਾ ਧੂਪੀਆ ਦੇ ਸ਼ੋਅ 'ਨੋ ਫਿਲਟਰ ਨੇਹਾ' ਉਤੇ ਵਿਦਿਆ ਨੇ ਅਪਣੀ ਨਿੱਜੀ ਜ਼ਿੰਦਗੀ ਦੇ ਕਈ ਰਾਜ਼ ਖੋਲ੍ਹੇ।
ਇਸ ਸ਼ੋਅ ਵਿਚ ਵਿਦਿਆ ਨੇ ਦੱਸਿਆ ਕਿ ਉਨ੍ਹਾਂ ਨੇ ਅਪਣੀ ਭੈਣ ਦੇ ਲਈ ਇਸ਼ਕ ਦੀ ਕੁਰਬਾਨੀ ਵੀ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਪਤਾ ਹੈ ਮੈਂ ਸ਼ਹੀਦ ਦੀ ਤਰ੍ਹਾਂ ਮਹਿਸੂਸ ਕਰਦੀ ਹਾਂ ਕਿਉਂਕਿ ਜਿਵੇਂ ਹੀ ਮੈਨੂੰ ਪਤਾ ਚਲਿਆ ਕਿ ਉਹ ਅਸਲ ਵਿਚ ਮੇਰੀ ਭੈਣ ਨੂੰ ਪਸੰਦ ਕਰਦਾ ਹੈ ਅਤੇ ਉਨ੍ਹਾਂ ਨੇ ਇੱਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਮੈਂ ਸੋਚਿਆ ਇਹ ਮੇਰਾ ਜੀਜਾ ਬਣ ਸਕਦਾ ਹੈ। ਫੇਰ ਮੈਂ ਅਪਣੇ ਪਿਆਰ ਦਾ ਗਲ਼ਾ ਘੁਟਣ ਦਾ ਫ਼ੈਸਲਾ ਕੀਤਾ।
ਤੁਹਾਨੂੰ ਦੱਸ ਦੇਈਏ ਕਿ ਵਿਦਿਆ ਛੇਤੀ ਹੀ ਫ਼ਿਲਮ 'ਤੁਮਹਾਰੀ ਸੁਲੂ' ਵਿਚ ਨਜ਼ਰ ਆਉਣ ਵਾਲੀ ਹੈ। ਸੁਰੇਸ਼ ਤਿਰਵੇਣੀ ਦੇ ਨਿਰਦੇਸ਼ਨ ਵਿਚ ਬਣ ਰਹੀ ਇਸ ਫ਼ਿਲਮ ਦੀ ਕਹਾਣੀ ਸੁਲੋਚਨਾ ਨਾਂ ਦੀ ਇਕ ਮਹਿਲਾ ਦੇ ਆਲੇ ਦੁਆਲੇ ਘੁੰਮਦੀ ਹੈ ਜਿਸ ਦਾ ਸ਼ਾਰਟ ਨਾਂ ਸੁਲੂ ਹੈ। ਉਹ ਆਰਜੇ ਹੈ ਅਤੇ ਅਪਣੇ ਸਹਿਯੋਗੀ ਐਂਕਰ ਦੇ ਨਾਲ ਦੇਰ ਰਾਤ ਪ੍ਰਸਾਰਤ ਹੋਣ ਵਾਲੇ ਇੱਕ ਪ੍ਰੋਗਰਾਮ ਨੂੰ ਹੋਸਟ ਕਰਦੀ ਹੈ। ਵਿਦਿਆ ਇਸ ਤੋਂ ਪਹਿਲਾਂ  'ਲੱਗੇ ਰਹੋ ਮੁੰਨਾ ਭਾਈ' ਵਿਚ ਰੇਡੀਓ ਜੌਕੀ  ਦੇ ਰੋਲ ਵਿਚ ਨਜ਼ਰ ਆ ਚੁੱਕੀ ਹੈ। 'ਤੁਮਹਾਰੀ ਸੁਲੂ' ਨੂੰ ਹਾਲ ਹੀ ਵਿਚ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ ਤੋਂ 'ਯੂ' ਸਰਟੀਫਿਕੇਟ ਮਿਲਿਆ ਹੈ। ਪਹਿਲਾਂ ਇਹ ਫ਼ਿਲਮ 24 ਨਵੰਬਰ ਨੂੰ ਰਿਲੀਜ਼ ਹੋਣੀ ਸੀ ਲੇਕਿਨ ਹੁਣ ਇਹ 17 ਨਵੰਬਰ  ਨੂੰ ਰਿਲੀਜ਼ ਹੋਵੇਗੀ।

ਹੋਰ ਖਬਰਾਂ »