ਵਾਸ਼ਿੰਗਟਨ,31 ਅਕਤੂਬਰ (ਹ.ਬ.) : ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਅਮਰੀਕੀ ਫੋਰਸਾਂ ਨੇ ਸਾਲ 2012 ਵਿਚ ਲੀਬੀਆ ਦੇ ਬੇਨਗਾਜੀ ਵਿਚ ਅਮਰੀਕੀ ਦੂਤਘਰ 'ਤੇ ਹੋਏ ਭਿਆਨਕ ਹਮਲੇ ਵਿਚ ਸ਼ਾਮਲ ਮੰਨੇ ਜਾ ਰਹੇ ਇਕ ਮੁੱਖ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਹਮਲੇ ਵਿਚ ਇੱਕ ਰਾਜਦੂਤ ਸਮੇਤ ਚਾਰ ਅਮਰੀਕੀਆਂ ਦੀ ਮੌਤ ਹੋ ਗਈ ਸੀ। ਟਰੰਪ ਨੇ ਮਿਸ਼ਨ ਨੂੰ ਮਨਜ਼ੂਰੀ ਦਿੱਤੀ ਜਿਸ ਤੋਂ ਬਾਅਦ ਅਮਰੀਕੀ ਫੋਰਸਾਂ ਨੇ ਲੀਬੀਆ ਵਿਚ ਮੁਸਤਫਾ ਅਲ ਇਮਾਮ ਨੂੰ ਗ੍ਰਿਫ਼ਤਾਰ ਕੀਤਾ।
ਟਰੰਪ ਨੇ ਇਕ ਬਿਆਨ ਵਿਚ ਕਿਹਾ ਕਿ ਮੇਰੇ ਆਦੇਸ਼ 'ਤੇ ਸੋਮਵਾਰ ਨੂੰ ਅਮਰੀਕੀ ਫੋਰਸਾਂ ਨੇ ਲੀਬੀਆ ਵਿਚ ਮੁਸਤਫਾ ਅਲ ਇਮਾਮ ਨੂੰ ਫੜਿਆ। ਨਿਆ ਵਿਭਾਗ ਨੇ ਇਕ ਬਿਆਨ ਵਿਚ ਕਿਹਾ ਕਿ ਅਲ ਇਮਾਮ (46) ਲੀਬੀਆ ਵਿਚ ਅਮਰੀਕਾ ਦੀ ਹਿਰਾਸਤ ਵਿਚ ਹੈ ਅਤੇ ਅਮਰੀਕਾ ਪੁੱਜਣ 'ਤੇ ਉਸ ਨੂੰ ਵਾਸ਼ਿੰਗਟਨ ਵਿਚ ਸੰਘੀ ਜੱਜ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।
ਟਰੰਪ ਨੇ ਕਿਹਾ ਕਿ ਇਸ ਸਫਲ ਮੁਹਿੰਮ ਦੇ ਕਾਰਨ ਅਲ ਇਮਾਮ ਨੂੰ  ਬੇਨਗਾਜੀ ਵਿਚ 11 ਸਤੰਬਰ 2012 ਨੂੰ ਹੋਏ ਹਮਲਿਆਂ ਵਿਚ ਉਸ ਦੀ ਕਥਿਤ ਭੂਮਿਕਾ ਦੇ ਲਈ ਅਮਰੀਕਾ ਵਿਚ ਨਿਆ ਦੇ ਘੇਰੇ ਵਿਚ ਲਿਆਇਆ ਜਾਵੇਗਾ। ਇਸ ਹਮਲੇ ਵਿਚ ਸਾਡੇ ਦੇਸ਼ ਦੀ ਸੇਵਾ ਕਰ ਰਹੇ ਚਾਰ ਬਹਾਦਰ ਅਮਰੀਕੀਆਂ ਦੀ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਅਮਰੀਕਾ ਇਹ ਯਕੀਨੀ ਕਰਨ ਲਈ ਲੀਬੀਆਈ ਸਾਂਝੀਦਾਰਾਂ ਨੂੰ ਸਮਰਥਨ ਦੇਣਾ ਜਾਰੀ ਰੱਖੇਗਾ ਕਿ ਇਸਲਾਮਿਕ ਸਟੇਟ ਅਤੇ ਹੋਰ ਅੱਤਵਾਦੀ ਸਮੂਹ ਅਮਰੀਕੀ ਨਾਗਰਿਕਾਂ ਜਾਂ ਹਿਤਾਂ, ਲੀਬੀਆ ਦੇ ਨਿਵਾਸੀਆਂ ਅਤੇ ਹੋਰਾਂ ਦੇ ਖ਼ਿਲਾਫ਼ ਹਮਲਾ ਕਰਨ ਦੇ ਲਈ ਲੀਬੀਆ ਦਾ ਇਸਤੇਮਾਲ ਪਨਾਹਗਾਹ ਦੇ ਰੂਪ ਵਿਚ ਨਹੀਂ ਕਰ ਸਕਣ।

ਹੋਰ ਖਬਰਾਂ »