ਦਹਿਸ਼ਤਗਰਦ ਨੇ ਪੈਦਲ ਜਾ ਰਹੇ ਲੋਕਾਂ 'ਤੇ ਚੜ•ਾਇਆ ਟਰੱਕ

ਨਿਊ ਯਾਰਕ, 1 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਨਿਊ ਯਾਰਕ ਦੇ ਲੋਅਰ ਮੈਨਹਟਨ ਇਲਾਕੇ ਵਿਚ ਵਰਲਡ ਟਰੇਡ ਸੈਂਟਰ ਨੇੜੇ ਇਕ ਦਹਿਸ਼ਤਗਰਦ ਨੇ ਫੁਟਪਾਥ ਅਤੇ ਸਾਈਕਲ ਲੇਨ 'ਤੇ ਜਾ ਰਹੇ ਲੋਕਾਂ ਉਪਰ ਟਰੱਕ ਚੜ•ਾ ਦਿਤਾ। ਇਸ ਵਾਰਦਾਤ ਵਿਚ ਅੱਠ ਜਣਿਆਂ ਦੀ ਮੌਤ ਹੋ ਗਈ ਅਤੇ 11 ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਕਮਿਸ਼ਨਰ ਜੇਮਜ਼ ਓ ਨੀਲ ਨੇ ਦੱਸਿਆ ਕਿ ਮਿੰਨੀ ਟਰੱਕ ਵਿਚ ਸਵਾਰ ਡਰਾਈਵਰ 'ਅੱਲ•ਾ ਹੂ ਅਕਬਰ' ਦੇ ਨਾਹਰੇ ਲਾ ਰਿਹਾ ਸੀ ਜਿਸ ਨੇ ਪਹਿਲਾਂ ਇਕ ਸਕੂਲ ਬੱਸ ਨੂੰ ਟੱਕਰ ਮਾਰੀ  ਅਤੇ ਫਿਰ ਟਰੱਕ ਨੂੰ ਸਾਈਕਲ ਲੇਨ 'ਤੇ ਚੜ•ਾ ਦਿਤਾ। ਹਮਲੇ ਮਗਰੋਂ ਟਰੱਕ ਡਰਾਈਵਰ ਨੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਨੂੰ ਗੋਲੀ ਮਾਰ ਕੇ ਕਾਬੂ ਕਰ ਲਿਆ। ਹਮਲਾਵਰ ਦੀ ਪਛਾਣ ਉਜ਼ਬੇਕਿਸਤਾਨ ਦੇ ਸੈਫ਼ੁੱਲਾ ਹਬੀਬਉਲਾਵਿਕ ਸਾਈਪੋਵ ਵਜੋਂ ਕੀਤੀ ਗਈ ਹੈ ਜੋ 2010 ਵਿਚ ਅਮਰੀਕਾ ਆਇਆ ਸੀ।
ਇਹ ਵਾਰਦਾਤ ਅਮਰੀਕੀ ਸਮੇਂ ਮੁਤਾਬਕ ਮੰਗਲਵਾਰ ਬਾਅਦ ਦੁਪਹਿਰ 3 ਵਜੇ ਦੇ ਕਰੀਬ ਵਰਲਡ ਟਰੇਡ ਸੈਂਟਰ ਸਿਰਫ਼ 10 ਕਿਲੋਮੀਟਰ ਦੀ ਦੂਰੀ 'ਤੇ ਵਾਪਰੀ ਜਿਥੇ 16 ਸਾਲ ਪਹਿਲਾਂ ਅਮਰੀਕੀ ਇਤਿਹਾਸ ਦਾ ਸਭ ਤੋਂ ਵੱਡਾ ਅਤਿਵਾਦੀ ਹਮਲਾ ਹੋਇਆ ਸੀ। ਨਿਊ ਯਾਰਕ ਦੇ ਮੇਅਰ ਅਤੇ ਪੁਲਿਸ ਨੇ ਇਸ ਨੂੰ ਅਤਿਵਾਦੀ ਹਮਲਾ ਕਰਾਰ ਦਿਤਾ ਜਦਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਕ ਬਿਮਾਰ ਪਰ ਖ਼ਤਰਨਾਕ ਵਿਅਕਤੀ ਨੇ ਕਾਇਰਾਨਾ ਹਮਲਾ ਕੀਤਾ। ਹਮਲੇ ਵਾਲੀ ਥਾਂ 'ਤੇ ਕੁਝ ਘੰਟੇ ਬਾਅਦ ਹੈਲੋਵੀਨ ਮਨਾਉਣ ਲਈ ਇਕੱਠ ਹੋਣਾ ਸੀ ਅਤੇ ਉਸ ਹਾਲਤ ਵਿਚ ਜਾਨੀ ਨੁਕਸਾਨ ਬਹੁਤ ਜ਼ਿਆਦਾ ਵਧ ਸਕਦਾ ਸੀ। ਇਥੇ ਦਸਣਾ ਬਣਦਾ ਹੈ ਕਿ ਲੋਅਰ ਮੈਨਹਟਨ ਇਲਾਕੇ ਵਿਚ ਪੰਜਾਬੀ ਵੱਡੀ ਗਿਣਤੀ ਵਿਚ ਰਹਿੰਦੇ ਹਨ।

ਹੋਰ ਖਬਰਾਂ »