ਚੰਡੀਗੜ੍ਹ : 7 ਨਵੰਬਰ : (ਪੱਤਰ ਪ੍ਰੇਰਕ) : ਇੱਕ ਪਾਸੇ ਜਿੱਥੇ ਆਮ ਆਦਮੀ ਨੂੰ ਪਾਸਪੋਰਟ ਬਣਾਉਣ 'ਚ ਕਰੜੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਦੂਜੇ ਪਾਸੇ ਬਲਾਤਕਾਰ ਮਾਮਲੇ 'ਚ 20 ਸਾਲਾ ਸਜ਼ਾ ਕੱਟ ਰਹੇ ਬਾਬੇ ਰਾਮ ਰਹੀਮ ਦਾ ਇਹ ਕੰਮ ਮਹਿਜ਼ 30 ਮਿੰਟਾਂ 'ਚ ਹੋ ਗਿਆ। ਇੰਨੇ ਹੀ ਚੰਦ ਕੁ ਮਿੰਟਾਂ 'ਚ ਰਾਮ ਰਹੀਮ ਨੇ ਇੱਕ ਨਹੀਂ ਦੋਦੋ ਪਾਸਪੋਰਟ ਬਣਾ ਲਏ।ਜਾਣਕਾਰੀ ਅਨੁਸਾਰ ਪੁਲਿਸ ਨੂੰ ਡੇਰੇ 'ਚ ਕੀਤੀ ਛਾਪੇਮਾਰੀ ਦੌਰਾਨ ਰਾਮ ਰਹੀਮ ਦੇ ਦੋ ਪਾਸਪੋਰਟ ਮਿਲੇ ਹਨ। ਇਨ੍ਹਾਂ ਦੋਹਾਂ ਪਾਸਪੋਰਟਾਂ ਨੂੰ ਵਿਦੇਸ਼ ਮੰਤਰਾਲੇ ਸਪੁਰਦ ਕਰ ਦਿੱਤਾ ਗਿਆ ਹੈ। ਵਿਦੇਸ਼ ਮੰਤਰਾਲਾ ਦੋਵੇਂ ਪਾਸਪੋਰਟਾਂ ਦੀ ਜਾਂਚ ਕਰ ਰਿਹਾ ਹੈ। ਇਸ ਦੇ ਨਾਲ ਹੀ ਨਿਯਮਾਂ ਮੁਤਾਬਕ ਪਾਸਪੋਰਟ ਲਈ ਫੋਟੋ ਖਿਚਵਾਉਣ ਸਮੇਂ ਟੋਪੀ ਨਹੀਂ ਪਾਈ ਜਾ ਸਕਦੀ, ਪਰ ਪਾਸਪੋਰਟ ਦੀ ਫੋਟੋ 'ਚ ਬਾਬਾ ਟੋਪੀ ਪਾਈ ਦਿਖ਼ਾਈ ਦੇ ਰਿਹਾ ਹੈ, ਜਿਸ ਕਾਰਨ ਰਾਮ ਰਹੀਮ 'ਤੇ ਪਾਸਪੋਰਟ ਐਕਟ ਤਹਿਤ ਕੇਸ ਦਰਜ ਹੋ ਸਕਦਾ ਹੈ।ਵਿਦੇਸ਼ ਮੰਤਰਾਲੇ ਨੇ ਜਾਂਚ 'ਚ ਪਾਇਆ ਕਿ ਰਾਮ ਰਹੀਮ ਨੂੰ ਪਾਸਪੋਰਟ ਜਾਰੀ ਕਰਦੇ ਸਮੇਂ ਕਈ ਨਿਯਮਾਂ ਨੂੰ ਛਿੱਕੇ ਟੰਗਦਿਆਂ ਦੇਖਿਆ ਗਿਆ ਹੈ, ਉਸ ਦੇ ਪਾਸਪੋਰਟ 'ਚ ਕਈ ਤਰ੍ਹਾਂ ਦੀਆਂ ਖ਼ਾਮੀਆਂ ਦੇਖੀਆਂ ਗਈਆਂ ਹਨ।
ਇਨ੍ਹਾਂ ਤੱਥਾਂ ਨਾਲ ਸਾਬਤ ਹੁੰਦਾ ਹੈ ਕਿ ਹਰਿਆਣਾ ਸਰਕਾਰ ਅਤੇ ਪਾਸਪੋਰਟ ਦਫ਼ਤਰ 'ਚ ਤਾਇਨਾਤ ਅਧਿਕਾਰੀਆਂ ਨੇ ਨਿਯਮਾਂ ਨੂੰ ਛਿੱਕੇ ਟੰਗ ਕੇ ਪਾਸਪੋਰਟ ਜਾਰੀ ਕੀਤੇ ਸਨ। ਸਭ ਤੋਂ ਪਹਿਲਾਂ ਪਾਸਪੋਰਟ ਸਾਲ 2015 'ਚ ਬਣਾਇਆ ਗਿਆ ਹੈ। ਅਨੁਮਾਨ ਲਗਾਇਆ ਗਿਆ ਹੈ ਕਿ ਅੰਬਾਲਾ ਤੋਂ ਅੱਧੇ ਘੰਟੇ 'ਚ ਜਾਰੀ ਕੀਤੇ ਇਸ ਪਾਸਪੋਰਟ ਨੂੰ ਚੰਡੀਗੜ੍ਹ ਦੇ ਦਫ਼ਤਰ ਵੱਲੋਂ ਜਾਰੀ ਕੀਤਾ ਗਿਆ ਹੈ, ਕਿਉਂਕਿ ਇਸ ਦੀ ਪ੍ਰਿੰਟਿੰਗ ਲੇਮੀਨੇਸ਼ਨ ਸਾਰਾ ਕੁਝ ਉਥੇ ਹੀ ਹੁੰਦਾ ਹੈ।ਸਾਲ 2017 'ਚ ਗੁਰਮੀਤ ਨੇ ਆਪਣਾ ਦੂਜਾ ਪਾਸਪੋਰਟ ਜਾਰੀ ਕਰਵਾਇਆ। ਇਸ ਵਾਰ ਉਸ ਨੇ ਸਿਰ 'ਤੇ ਟੋਪੀ ਨਹੀਂ, ਸਗੋਂ ਨਾਮ ਲਿਖਵਾਇਆ ਹੈ, ਸੰਤ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ। ਦੱਸ ਦੀਏ ਕਿ ਰੂਲਾਂ ਮੁਤਾਬਕ ਨਾਮ ਅੱਗੇ ਸੰਤ, ਡਾਕਟਰ, ਪ੍ਰੋਫੈਸਰ ਆਦਿ ਨਹੀਂ ਲਗਾ ਸਕਦੇ। ਮੌਜੂਦਾ ਸਮੇਂ ਦੇ ਪਾਸਪੋਰਟ ਅਧਿਕਾਰੀ ਰਾਕੇਸ਼ ਅਗਰਵਾਲ ਵੱਲੋਂ ਤਤਕਾਲ ਸ਼੍ਰੇਣੀ 'ਚ ਜਾਰੀ ਕੀਤਾ ਗਿਆ ਪਾਸਪੋਰਟ ਵੀ ਨਿਯਮਾਂ ਖਿਲਾਫ਼ ਸੀ।
ਪਾਸਪੋਰਟ 'ਚ ਗੁਰਮੀਤ ਰਾਮ ਰਹੀਮ ਦੇ ਨਾਮ ਅੱਗੇ ਸੰਤ ਗੁਰਮੀਤ ਰਾਮ ਰਹੀਮ ਇੰਸਾਂ ਲਿਖਿਆ ਗਿਆ, ਜਦਕਿ ਨਿਯਮਾਂ ਅਨੁਸਾਰ ਇਹ ਗਲਤ ਹੈ। ਪਾਸਪੋਰਟ ਬਣਾਉਣ ਵਾਲੇ ਵਿਅਕਤੀ ਨੂੰ ਸਿਰਫ਼ ਆਪਣਾ ਅਸਲੀ ਨਾਮ ਹੀ ਵਰਤਣ ਦੀ ਆਗਿਆ ਹੈ। ਰਾਮ ਰਹੀਮ ਸਿਰਫ਼ ਆਪਣੇ ਅਸਲੀ ਨਾਮ ਗੁਰਮੀਤ ਸਿੰਘ ਦੇ ਨਾਮ ਤੋਂ ਹੀ ਪਾਸਪੋਰਟ ਬਣਾ ਸਕਦਾ ਸੀ, ਪਰ ਨਿਯਮਾਂ ਨੂੰ ਅਣਗੌਲਿਆ ਕੀਤਾ ਗਿਆ।  

ਹੋਰ ਖਬਰਾਂ »

ਚੰਡੀਗੜ