ਪੰਜਾਬਣਾਂ ਦੇ ਹੁਸਨ ਦੀ ਤਰਜਮਾਨੀ ਕਰਦੇ 13ਵੇਂ 'ਮਿਸ ਵਰਲਡ ਪੰਜਾਬਣ' ਮੁਕਾਬਲੇ 'ਚ ਦੁਨੀਆ ਦੇ ਵੱਖ-ਵੱਖ ਕੋਨੇ ਤੋਂ ਪੁੱਜੀਆਂ ਮੁਟਿਆਰਾਂ ਨੇ ਲਿਆ ਭਾਗ, ਹਰਿਆਣਾ ਦੀ ਗੁਰਪ੍ਰੀਤ ਕੌਰ ਬਣੀ 'ਮਿਸ ਵਰਲਡ ਪੰਜਾਬਣ-2017'

ਟੋਰਾਂਟੋ, 14 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਖੂਬਸੂਰਤੀ ਦੇ ਨਾਲ-ਨਾਲ ਬਹੁਪੱਖੀ ਪ੍ਰਤਿਭਾ ਨੂੰ ਦਰਸਾਉਂਦਾ ਮਿਸ ਵਰਲਡ ਪੰਜਾਬਣ ਮੁਕਾਬਲਾ ਪਹਿਲੀ ਵਾਰ ਕੈਨੇਡਾ ਦੀ ਧਰਤੀ 'ਤੇ ਆਯੋਜਿਤ ਕੀਤਾ ਗਿਆ, ਜਿਸ ਵਿੱਚ ਦੁਨੀਆ ਦੇ ਕੋਨੇ-ਕੋਨੇ ਤੋਂ ਪੰਜਾਬਣਾਂ ਨੇ ਭਾਗ ਲਿਆ। ਵੱਖ-ਵੱਖ ਦੇਸ਼ਾਂ ਤੋਂ ਬਾਅਦ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਤਰਜਮਾਨੀ ਕਰਦਾ 13ਵਾਂ 'ਮਿਸ ਵਰਲਡ ਪੰਜਾਬਣ ਮੁਕਾਬਲਾ-2017' ਮਿਸੀਸਾਗਾ ਦੇ ਲਿਵਿੰਗ ਆਰਟ ਸੈਂਟਰ 'ਚ ਵਿੱਚ ਆਯੋਜਤ ਕਰਵਾਇਆ ਗਿਆ  ਇਸ 'ਚ ਪੰਜਾਬ, ਆਸਟਰੇਲੀਆ, ਜਰਮਨੀ, ਫਰਾਂਸ, ਅਮਰੀਕਾ ਅਤੇ ਕੈਨੇਡਾ ਸਮੇਤ 13 ਦੇਸ਼ਾਂ ਦੀਆਂ ਮੁਟਿਆਰਾਂ ਨੇ ਭਾਗ ਲਿਆ, ਜਿਹਨਾਂ ਨੇ ਵੱਖ-ਵੱਖ ਪੜਾਵਾਂ ਨੂੰ ਪਾਰ ਕਰਦਿਆਂ ਆਪਣੀ ਕਾਬਲੀਅਤ ਨੂੰ ਪੇਸ਼ ਕੀਤਾ ਇਹਨਾਂ ਨੇ ਗਿੱਧਾ, ਹਾਊਸਹੋਲਡ, ਵਿਰਾਸਤ ਤੇ ਹੋਰ ਪੜਾਵਾਂ ਨੂੰ ਪਾਰ ਕੀਤਾ। ਇਹ ਮੁਕਾਬਲੇ ਟੋਰਾਂਟੋ ਵਿਖੇ ਸੱਭਿਆਚਾਰਕ ਸੱਥ ਪੰਜਾਬ ਦੇ ਮੋਢੀ ਜਸਮੇਰ ਸਿੰਘ ਢੱਟ ਅਤੇ ਵਤਨੋਂ ਦੂਰ ਟੀਵੀ ਨੈਟਵਰਕ ਦੇ ਸੰਚਾਲਕ ਸੁੱਖੀ ਨਿੱਝਰ ਅਤੇ ਉਹਨਾਂ ਦੀ ਧਰਮ ਪਤਨੀ ਤਲਵਿੰਦਰ ਕੌਰ ਨਿੱਝਰ ਦੇ ਸਹਿਯੋਗ ਨਾਲ ਕਰਵਾਏ ਗਏ। 
ਰਮਨਜੀਤ ਭੱਟੀ ਅਤੇ ਨਿਰਮਲ ਜੋੜਾ ਨੇ ਜਿੱਥੇ ਸਟੇਜ ਸੰਚਾਲਨ ਦੀ ਜ਼ਿੰਮੇਦਾਰੀ ਸੰਭਾਲੀ ਤਾਂ ਉੱਥੇ ਹੀ ਗਾਇਕਾ ਅਮਰ ਨੂਰੀ, ਫਿਲਮ ਨਿਰਦੇਸ਼ਕ ਗੁਰਵੀਰ ਗਰੇਵਾਲ ਅਤੇ ਪਾਕਿਸਤਾਨੀ ਗਾਇਕ ਫਰਵਾ ਖਾਨ ਨੇ ਜੱਜਾਂ ਦੀ ਭੂਮਿਕਾ ਅਦਾ ਕੀਤੀ। ਜਿਹਨਾਂ ਦੀ ਪਾਰਖੀ ਨਜ਼ਰ ਨਾਲ ਮਿਸ ਵਰਲਡ ਪੰਜਾਬਣ 2017 ਦਾ ਤਾਜ ਹਰਿਆਣਾ ਦੀ ਗੁਰਪ੍ਰਤਿ ਕੌਰ ਦੇ ਸਿਰ ਸਜਿਆ। ਉੱਥੇ ਹੀ ਦਿੱਲੀ ਦੀ ਸਿਮਰਨ ਬੰਮਰਾ ਪਹਿਲੀ ਰਨਰਅੱਪ ਅਤੇ ਵਿਨੀਪੈੱਗ ਦੀ ਸੁਖਦੀਪ ਕੌਰ ਦੂਜੀ ਰਨਰਅੱਪ ਰਹੀ। 
ਇਹਨਾਂ ਖੂਬਸੂਰਤ ਮੁਟਿਆਰਾਂ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਉਂਦਾ ਇਹਨਾਂ ਦਾ ਪਹਿਰਾਵਾ ਤਿਆਰ ਕੀਤਾ ਸੀ ਲੁਧਿਆਣਾ ਦੇ ਪ੍ਰਸਿੱਧ ਬਿਜ਼ਨਸਮੈਨ ਸੋਨੂੰ ਨਿਲੀਵਾਰ ਨੇ ।'ਸਮੋਸਾ ਐਂਡ ਸਵੀਟਸ' ਫੈਕਟਰੀ ਦੇ ਮਾਲਕ ਹਰਪਾਲ ਸਿੰਘ ਸੰਧੂ ਅਤੇ ਹਰਮਿੰਦਰ ਸਿੰਘ ਸੰਧੂ ਇਸ ਮੁਕਾਬਲੇ ਦੇ ਮੁੱਖ ਸਪੌਂਸਰ ਸਨ

ਹੋਰ ਖਬਰਾਂ »