ਅਹਿਮਦਗੜ੍ਹ (ਸੰਗਰੂਰ) : 22 ਨਵੰਬਰ : (ਪੱਤਰ ਪ੍ਰੇਰਕ) : ਦੁਬਈ ਦੀ ਜੇਲ੍ਹ 'ਚ ਬੰਦ 13 ਭਾਰਤੀਆਂ ਦੇ ਪਰਿਵਾਰਾਂ ਨੇ ਉਨ੍ਹਾਂ ਨੂੰ ਬਚਾਉਣ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਗੁਹਾਰ ਲਾਈ ਹੈ। ਉਨ੍ਹਾਂ ਇਸ ਸਬੰਧੀ ਪ੍ਰਦੇਸ਼ ਸਰਕਾਰ ਤੋਂ ਵੀ ਮੱਦਦ ਦੀ ਅਪੀਲ ਕੀਤੀ। ਇਨ੍ਹਾਂ ਭਾਰਤੀਆਂ ਨੂੰ ਇੱਕ ਹੋਟਲ 'ਚ ਹੋਏ ਝਗੜੇ ਲਈ 40 ਸਾਲਾ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਨੌਜਵਾਨਾਂ 'ਚੋਂ ਚਾਰ ਪੰਜਾਬ ਦੇ ਹਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ 'ਚ ਦੁਬਈ ਦੀ ਕੇਂਦਰੀ ਜੇਲ੍ਹ 'ਚ ਸਜ਼ਾ ਕੱਟ ਰਹੇ ਸੰਗਰੂਰ ਦੇ ਅਹਿਮਦਗੜ੍ਹ ਨੇੜਲੇ ਪਿੰਡ ਧੂਲਕੋਟ ਵਾਸੀ ਸੁਖਵਿੰਦਰ ਸਿੰਘ ਦੇ ਭਰਾ ਸੁਖਜਿੰਦਰ ਸਿੰਘ ਨੇ ਦੱਸਿਆ ਕਿ 2007 'ਚ ਉਸ ਦਾ ਭਰਾ ਨੌਕਰੀ ਲਈ ਦੁਬਈ ਗਿਆ ਸੀ। 2009 'ਚ ਇੱਕ ਹੋਟਲ 'ਚ ਝਗੜੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਸੁਖਵਿੰਦਰ ਤੇ 12 ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਬਾਅਦ 'ਚ ਉਨ੍ਹਾਂ ਨੂੰ 40 ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਦੁਬਈ ਦੀ ਕੇਂਦਰੀ ਜੇਲ੍ਹ ਦੁਬਈ 'ਚ ਕੈਦ ਕਰ ਦਿੱਤਾ ਗਿਆ।
ਸੁਖਜਿੰਦਰ ਨੇ ਕਿਹਾ ਕਿ ਇਸ ਮਾਮਲੇ  'ਚ ਭਾਰਤੀ ਅੰਬੈਸੀ ਨੇ ਇਨ੍ਹਾਂ ਭਾਰਤੀ ਨੌਜਵਾਨਾਂ ਦੀ ਕੋਈ ਮੱਦਦ ਨਹੀਂ ਕੀਤੀ। ਜੇਲ੍ਹ 'ਚ ਬੰਦ ਕੈਦੀਆਂ 'ਚ ਮਨਜੀਤ ਸਿੰਘ, ਸਰਬਜੀਤ ਸਿੰਘ ਤੇ ਮੇਜਰ ਸਿੰਘ ਪਠਾਨਕੋਟ ਤੇ ਗੁਰਦਾਸਪੁਰ ਜ਼ਿਲ੍ਹਿਆਂ ਨਾਲ ਸਬੰਧ ਰੱਖਦੇ ਹਨ। ਜੇਲ੍ਹ 'ਚ ਬੰਦ ਪੰਜਾਬ ਦੇ ਇਨ੍ਹਾਂ ਸਾਰੇ ਨੌਜਵਾਨਾਂ ਦੇ ਪਰਿਵਾਰ ਵੀ ਇਸ ਮੌਕੇ 'ਤੇ ਮੌਜੂਦ ਸਨ। ਉਨ੍ਹਾਂ ਕਿਹਾ ਕਿ ਸਮਾਜ ਸੇਵੀ ਐਸਪੀ ਓਬਰਾਏ ਨੇ ਇਨ੍ਹਾਂ ਨੌਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਓਬਰਾਏ ਨੇ ਤਤਕਲੀਨ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੂੰ ਇਸ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਸੀ। ਉਨ੍ਹਾਂ ਕਿਹਾ ਕਿ ਪ੍ਰਨੀਤ ਕੌਰ ਵੱਲੋਂ ਇਨ੍ਹਾਂ ਨੌਜਵਾਨਾਂ ਨੂੰ ਬਚਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ, ਹੁਣ ਅਸੀਂ ਸਾਰੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਅਪੀਲ ਕਰਦੇ ਹਾਂ ਕਿ ਸਾਡੇ ਬੱਚਿਆਂ ਨੂੰ ਬਚਾਇਆ ਜਾਵੇ, ਇਹ ਸਾਰੇ ਨਿਰਦੋਸ਼ ਹਨ ਅਤੇ ਇਨ੍ਹਾਂ ਨੂੰ ਗਲਤ ਤਰੀਕੇ ਨਾਲ ਦੋਸ਼ੀ ਕਰਾਰ ਦੇ ਕੇ ਮੁੰਬਈ ਦੀ ਕੇਂਦਰੀ ਜੇਲ੍ਹ 'ਚ ਬੰਦ ਕੀਤਾ ਗਿਆ ਹੈ।
ਇਨ੍ਹਾਂ ਪਰਿਵਾਰਾਂ ਨੇ ਕਿਹਾ ਕਿ ਅਸੀਂ ਗਰੀਬ ਹਾਂ ਤੇ ਆਪਣਾ ਸਭ ਕੁਝ ਵੇਚ ਕੇ ਇਨ੍ਹਾਂ ਨੌਜਵਾਨਾਂ ਨੂੰ ਵਿਦੇਸ਼ 'ਚ ਰੋਜ਼ੀ-ਰੋਟੀ ਲਈ ਭੇਜਿਆ ਸੀ। ਪਰਿਵਾਰਾਂ ਨੇ ਕਿਹਾ ਕਿ ਸਰਕਾਰ ਨੂੰ ਕੋਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਉਮੀਦ ਜਤਾਈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਇਨ੍ਹਾਂ ਨੌਜਵਾਨਾਂ ਨੂੰ ਜੇਲ੍ਹ ਤੋਂ ਰਿਹਾਅ ਕਰਵਾਉਣਗੇ।

ਹੋਰ ਖਬਰਾਂ »