ਪਾਕਿ ਨੂੰ ਨਹੀਂ ਬਖ਼ਸ਼ੇਗਾ ਅਮਰੀਕਾ, ਹੁਣ ਅਤਿਵਾਦੀ ਫੰਡਿੰਗ ਦੀ ਰੀੜ੍ਹ ’ਤੇ ਨਜ਼ਰ

ਵਾਸ਼ਿੰਗਟਨ, 3 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਨੇ ਪਾਕਿਸਤਾਨ ’ਤੇ ਹੁਣ ਸਖ਼ਤ ਰੁਖ ਅਪਣਾ ਲਿਆ ਹੈ। ਅਜਿਹਾ ਲਗਦਾ ਹੈ ਕਿ ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤਿਵਾਦੀ ਦਾ ਸਮਰਥਨ ਕਰਨ ਕਰਕੇ ਪਾਕਿਸਤਾਨ ਨੂੰ ਹੁਣ ਬਖ਼ਸ਼ਣ ਦੇ ਮੂਡ ਵਿੱਚ ਨਹੀਂ ਹਨ। ਪਹਿਲਾਂ ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 255 ਮਿਲੀਅਨ ਅਮਰੀਕੀ ਡਾਲਰ ਮਦਦ ’ਤੇ ਰੋਕ ਲਗਾ ਦਿੱਤੀ, ਉਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਉਸ ਨੂੰ ਝਾੜ ਪਾਈ ਹੈ।

ਸੂਤਰਾਂ ਅਨੁਸਾਰ ਅਮਰੀਕਾ ਪਾਕਿਸਤਾਨ ਵਿਰੁੱਧ ਹੋਰ ਸਖ਼ਤ ਕਦਮ ਚੁੱਕਣ ਦੀ ਤਿਆਰੀ ਵਿੱਚ ਹੈ। ਇਸ ਮਹੀਨੇ ਦੇ ਅੰਤ ਤੱਕ ਅਮਰੀਕਾ ਵੱਲੋਂ ਪਾਕਿਸਤਾਨ ਵਿੱਚ ਇੱਕ ਸਪੈਸ਼ਲ ਟਾਸਕ ਫੋਰਸ ਭੇਜੀ ਜਾ ਸਕਦੀ ਹੈ। ਇਸ ਟਾਸਕ ਫੋਰਸ ਵਿੱਚ ਕਈ ਆਰਥਿਕ ਉਦਯੋਗ ਦੇ ਲੋਕ ਸ਼ਾਮਲ ਹੋਣਗੇ, ਪਾਕਿਸਤਾਨ ਜਾ ਕੇ ਟੀਮ ਦੇਖੇਗੀ ਕਿ ਕਿਵੇਂ ਪਾਕਿਸਤਾਨ ਜਿਹਾਦੀ ਫੰਡਿੰਗ ਨੂੰ ਰੋਕਣ ਲਈ ਕੰਮ ਕਰ ਰਿਹਾ ਹੈ। ਇਹ ਟੀਮ ਪਾਕਿਸਤਾਨ ਜਾ ਕੇ ਸਟੇਟ ਬੈਂਕ ਆਫ਼ ਪਾਕਿਸਤਾਨ, ਦੇਸ਼ ਦੇ ਸੈਂਟਰਲ ਬੈਂਕ ਆਦਿ ਦੀਆਂ ਗਤੀਵਿਧੀਆਂ ’ਤੇ ਵੀ ਨਜ਼ਰ ਰੱਖੇਗਾ।

ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਨਿੱਕੀ ਹੈਲੀ ਨੇ ਕਿਹਾ ਕਿ ਪਾਕਿਸਤਾਨ ਨੇ ਸਾਡੇ ਨਾਲ ਡਬਲ ਗੇਮ ਖੇਡਿਆ ਹੈ। ਉਨ੍ਹਾਂ ਨੇ ਸਾਡੇ ਨਾਲ ਕੰਮ ਵੀ ਕੀਤਾ ਅਤੇ ਦੂਜੇ ਪਾਸੇ ਅਫ਼ਗਾਨਿਸਤਾਨ ਵਿੱਚ ਸਾਡੇ ਫੌਜੀਆਂ ਨੂੰ ਅਤਿਵਾਦੀਆਂ ਦੇ ਹੱਥੋਂ ਮਰਵਾਇਆ ਵੀ। ਪਾਕਿਸਤਾਨ ਦੀ ਇਹ ਦੋਹਰੀ ਖੇਡ ਸਾਡੇ ਨਾਲ ਨਹੀਂ ਚੱਲੇਗੀ।

ਨਿੱਕੀ ਹੈਲੀ ਨੇ ਕਿਹਾ ਕਿ ਅਸੀਂ ਪਾਕਿਸਤਾਨ ਕੋਲੋਂ ਅਤਿਵਾਦ ਵਿਰੁੱਧ ਲੜਾਈ ਦੀ ਉਮੀਦ ਨਹੀਂ ਕਰਦੇ ਹਾਂ। ਅਮਰੀਕੀ ਰਾਸ਼ਟਰਪਤੀ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਹਰ ਮਦਦ ’ਤੇ ਰੋਕ ਲਗਾਉਣ ਲਈ ਤਿਆਰ ਹਨ। ਇਸ ਤੋਂ ਪਹਿਲਾਂ ਵਾਈਟ ਹਾਊਸ ਵੱਲੋਂ ਵੀ ਬਿਆਨ ਜਾਰੀ ਕੀਤਾ ਗਿਆ ਸੀ ਕਿ ਅਸੀਂ ਪਾਕਿਸਤਾਨ ਕੋਲੋਂ ਅਤਿਵਾਦ ਵਿਰੁੱਧ ਲੜਾਈ ਦੀ ਉਮੀਦ ਨਹੀਂ ਰੱਖਦੇ ਹਾਂ। ਵਾਈਟ ਹਾਊਸ ਨੇ ਕਿਹਾ ਕਿ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਹੀ ਅਤਿਵਾਦ ਵਿਰੁੱਧ ਲੜਾਈ ਦਾ ਵਾਅਦਾ ਕੀਤਾ ਸੀ, ਹੁਣ ਉਹ ਉਸ ਨੂੰ ਹੀ ਪੂਰਾ ਕਰ ਰਹੇ ਹਨ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾ ਸੈਂਡਰਸ ਨੇ ਕਿਹਾ ਕਿ ਸਾਡਾ ਅਗਲਾ ਕਦਮ ਕੀ ਹੋਵੇਗਾ, ਇਹ ਸਾਰੀ ਦੁਨੀਆ ਨੂੰ ਅਗਲੇ 48 ਘੰਟਿਆਂ ਵਿੱਚ ਹੀ ਦਿਖੇਗਾ।

ਹੋਰ ਖਬਰਾਂ »