ਜੰਮੂ, 7 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਪਾਕਿਸਤਾਨ ਵੱਲੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਹੋਣ ’ਤੇ ਹੁਣ ਭਾਰਤ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ ਅਤੇ ਕੌਮਾਂਤਰੀ ਸਰਹੱਦ ਨੇੜੇ 14 ਹਜਾਰ ਤੋਂ ਵੱਧ ਬੰਕਰ ਬਣਾਉਣ ਦਾ ਐਲਾਨ ਕੀਤਾ ਹੈ। ਸਰਹੱਦ ਪਾਰ ਤੋਂ ਨਿੱਤ ਦਿਨ ਹੋ ਰਹੀ ਗੋਲੀਬਾਰੀ ਵਿੱਚ ਸਰਹੱਦ ਨੇੜਲੇ ਪਿੰਡਾਂ ਵਿੱਚ ਰਹਿਣ ਵਾਲਾ ਕੋਈ ਨਾ ਕੋਈ ਨਾਗਰਿਕ ਆਪਣੀ ਜਾਨ ਤੋਂ ਹੱਥ ਧੋ ਬੈਠਦਾ ਹੈ। ਸਿਰਫ਼ ਪਿਛਲੇ ਸਾਲ ਹੀ ਸਰਹੱਦ ਪਾਰੋਂ ਹੋਈ ਗੋਲੀਬਾਰੀ ਵਿੱਚ ਲਗਭਗ 35 ਲੋਕਾਂ ਦੀ ਮੌਤ ਹੋ ਗਈ ਸੀ। ਇਸ ਵਿੱਚ 19 ਫੌਜ ਦੇ ਜਵਾਨ, 12 ਨਾਗਰਿਕ ਅਤੇ 4 ਬੀਐਸਐਫ ਦੇ ਜਵਾਨ ਸਨ।  

ਹੁਣ ਲੋਕਾਂ ਦੀ ਸੁਰੱਖਿਆ ਲਈ ਭਾਰਤ ਸਰਕਾਰ ਬੰਕਰ ਬਣਵਾਏਗੀ। ਅਧਿਕਾਰੀਆਂ ਨੇ ਦੱਸਿਆ ਕਿ ਪੁੰਛ ਅਤੇ ਰਾਜੌਰੀ ਜਿਲ੍ਹੇ ਵਿੱਚ ਐਲਓਸੀ ਦੇ ਨੇੜੇ ਲਗਭਗ 7298 ਬੰਕਰਾਂ ਦੀ ਉਸਾਰੀ ਕੀਤੀ ਜਾਵੇਗੀ। ਜੰਮੂ, ਕਠੁਆ ਅਤੇ ਸਾਂਬਾ ਜਿਲ੍ਹੇ ਵਿੱਚ ਕੌਮਾਂਤਰੀ ਸਰਹੱਦ ਨੇੜੇ 7162 ਜ਼ਮੀਨਦੋਜ਼ ਬੰਕਰਾਂ ਦੀ ਉਸਾਰੀ ਕਰਵਾਈ ਜਾਵੇਗੀ।

ਕੇਂਦਰ ਨੇ ਹਾਲ ਵਿੱਚ 415.73 ਕਰੋੜ ਰੁਪੜੇ ਦੀ ਲਾਗਤ ਨਾਲ ਐਲਓਸੀ ਅਤੇ ਕੌਮਾਂਤਰੀ ਸਰਹੱਦ ਦੇ ਨੇੜੇ ਰਹਿਣ ਵਾਲੇ ਲੋਕਾਂ ਲਈ 14.460 ਨਿੱਜੀ ਅਤੇ ਸਾਂਝੀ ਬੰਕਰਾਂ ਦੀ ਉਸਾਰੀ ਦੀ ਮਨਜੂਰੀ ਦਿੱਤੀ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਕੁੱਲ 13029 ਨਿੱਜੀ ਬੰਕਰ ਅਤੇ 1413 ਸਾਂਝੇ ਬੰਕਰਾਂ ਦੀ ਉਸਾਰੀ ਕਰਵਾਈ ਜਾ ਰਹੀ ਹੈ। ਨਿੱਜੀ ਬੰਕਰ ਦਾ ਆਕਾਰ 160 ਵਰਗ ਫੁੱਟ ਹੋਵੇਗਾ, ਜਿਸ ਵਿੱਚ 8 ਲੋਕ ਆ ਸਕਣਗੇ। ਉਥੇ ਹੀ 800 ਵਰਗ ਫੁੱਟ ਦੇ ਸਾਂਝੇ ਬੰਕਰ ਵਿੱਚ 40 ਲੋਕ ਆ ਸਕਣਗੇ। ਪਾਕਿਸਤਾਨ ਦੇ ਨਾਲ ਭਾਰਤ ਦੀ 3323 ਕਿਲੋਮੀਟਰ ਦੀ ਸਰਹੱਦ ਹੈ, ਜਿਸ ਵਿੱਚ 221 ਕਿਲੋਮੀਟਰ ਕੌਮਾਂਤਰੀ ਸਰਹੱਦ ਅਤੇ ਐਲਓਸੀ ਦੀ 740 ਕਿਲੋਮੀਟਰ ਸਰਹੱਦ ਜੰਮੂ-ਕਸ਼ਮੀਰ ਵਿੱਚ ਹੈ।

ਹੋਰ ਖਬਰਾਂ »